ਆਸ਼ਾ ਵਰਕਰਾਂ ਨੇ ਸੰਘਰਸ਼ ਦਾ ਮੁੜ ਵਿਗਲ ਵਜਾਇਆ
ਆਸ਼ਾ ਵਰਕਰਾਂ ਨੇ ਸੰਘਰਸ਼ ਦਾ ਮੁੜ ਵਿਗਲ ਵਜਾਇਆ
Publish Date: Sun, 29 Mar 2026 03:37 PM (IST)
Updated Date: Mon, 30 Mar 2026 04:00 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਜਥੇਬੰਦੀ ਵੱਲੋਂ ਸਰਕਾਰ ਵਿਰੁੱਧ ਮੁੜ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਦੀ ਬਲਾਕ ਪ੍ਰਧਾਨ ਛਿੰਦਰਪਾਲ ਕੌਰ ਕਾਤਰੋਂ ਅਤੇ ਕਿਰਨਪਾਲ ਕੌਰ ਖੇੜੀ ਨੇ ਦੱਸਿਆ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਹਰ ਵਾਰ ਇਹ ਮੀਟਿੰਗਾਂ ਬੇਸਿੱਟਾ ਸਾਬਤ ਹੋ ਕੇ ਰਹਿ ਜਾਂਦੀਆਂ ਹਨ। ਉਨ੍ਹਾਂ ਆਪਣੀਆਂ ਮੰਗਾਂ ਦੁਹਰਾਉਦਿਆਂ ਕਿਹਾ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਜਿਨ੍ਹਾਂ ਨੇ 10 ਸਾਲ ਦੀ ਸੇਵਾ ਪੂਰੀ ਕਰ ਲਈ ਹੈ, ਨੂੰ ਰੈਗੂਲਰ ਕੀਤਾ ਜਾਵੇ, ਨਿਯਮਤ ਹੋਣ ਤੱਕ, ਸਾਰਿਆਂ ਲਈ ਡੀਸੀ ਰੇਟ ਲਾਗੂ ਕੀਤਾ ਜਾਵੇ, .ਛੇਵੇਂ ਤਨਖਾਹ ਕਮਿਸ਼ਨ ਦੇ ਆਧਾਰ ਤੇ ਘੱਟੋ-ਘੱਟ 26,000 ਰੁਪਏ ਦੀ ਮਾਸਿਕ ਤਨਖਾਹ ਦਿੱਤੀ ਜਾਵੇ, ਕੱਟੇ ਹੋਏ ਭੱਤਿਆਂ ਦੀ ਬਹਾਲੀ ਅਤੇ ਭੱਤਿਆਂ ਵਿੱਚ ਢੁਕਵਾਂ ਵਾਧਾ ਕੀਤਾ ਜਾਵੇ ਅਤੇ ਫੈਸੀਲੀਟੇਟਰਾਂ ਲਈ ਟੂਰ ਦੀ ਰਕਮ ਦੁੱਗਣੀ ਕੀਤੀ ਜਾਵੇ। ਇਸਦੇ ਨਾਲ ਹੀ ਹਰਿਆਣਾ ਮਾਡਲ ਦੀ ਪਾਲਣਾ ਕਰਦੇ ਹੋਏ, ਸੇਵਾਮੁਕਤੀ ’ਤੇ 5 ਰੁਪਏ ਲੱਖ ਦਾ ਸਹਾਇਤਾ ਫੰਡ ਦਿੱਤਾ ਜਾਵੇ। ਪ੍ਰੰਤੂ 25 ਮਾਰਚ ਨੂੰ ਸਰਕਾਰ ਦੇ ਨੁਮਾਇੰਦਿਆਂ ਨਾਲ ਜਥੇਬੰਦੀ ਦੀ ਹੋਈ ਮੀਟਿੰਗ ਵਿੱਚ ਕੋਈ ਸਾਰਥਿਕ ਸਿੱਟਾ ਨਾ ਨਿਕਲਣ ਕਾਰਨ ਸਮੁੱਚੀ ਜਥੇਬੰਦੀ ਨੇ ਮੁੜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਜਥੇਬੰਦੀ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਹ ਨਹੀਂ ਕਰਦੀ ਉਨੀ ਦੇਰ ਤੱਕ ਇਹ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਬਲਵਿੰਦਰ ਕੌਰ ਕਾਲਾਬੂਲਾ ਸੁਪਰਵਾਈਜ਼ਰ,ਬਲਜੀਤ ਕੌਰ ਖੇੜੀ ਕਲਾ, ਕਿਰਪਾਲ ਕੌਰ ਈਨਾ ਬਾਜਵਾ, ਗੁਰਮੀਤ ਕੌਰ, ਅਮਨਦੀਪ ਕੌਰ ਪੱਤੀ ਖਲੀਲ, ਸੁਖਵਿੰਦਰ ਕੌਰ ਬੜੀ, ਅਮਰਜੀਤ ਕੌਰ, ਜਸਵੀਰ ਕੌਰ ਅਤੇ ਕਮਲੇਸ ਰਾਣੀ ਸ਼ੇਰਪੁਰ, ਪਰਮਜੀਤ ਕੌਰ ਸ਼ੇਰਪੁਰ, ਹਰਪ੍ਰੀਤ ਕੌਰ, ਹਰਜੀਤ ਕੌਰ ਬਾਜਵਾ ਹਾਜ਼ਰ ਸਨ।