ਆਸ਼ਾ ਵਰਕਰਾਂ ਨੇ ਲਾਲ ਬੱਤੀ ਚੌਕ ’ਚ ਲਾਇਆ ਜਾਮ, ਨਾਅਰੇਬਾਜ਼ੀ ਕੀਤੀ
ਆਸ਼ਾ ਵਰਕਰਾਂ ਨੇ ਲਾਲ ਬੱਤੀ ਚੌਕ ’ਚ ਲਾਇਆ ਜਾਮ, ਨਾਅਰੇਬਾਜ਼ੀ ਕੀਤੀ
Publish Date: Thu, 12 Mar 2026 06:22 PM (IST)
Updated Date: Fri, 13 Mar 2026 04:07 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਜ਼ ਐਂਡ ਫੈਸਿਲਿਟੇਟਰ (ਨਰੋਲ) ਯੂਨੀਅਨ ਪੰਜਾਬ ਵੱਲੋਂ ਵੀਰਵਾਰ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਰੋਸ ਪ੍ਰਦਰਸ਼ਨ ਕੀਤਾ ਤੇ ਸ਼ਹਿਰ ਦੇ ਲਾਲ ਚੌਕ ਵਿਚ ਕਰੀਬ ਇਕ ਘੰਟਾ ਜਾਮ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਦੇ ਬਜ਼ਟ ਦੀਆਂ ਕਾਪੀਆਂ ਸਾੜੀਆਂ। ਇਸਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਅਤੇ ਪ੍ਰਿੰਸੀਪਲ ਸਕੱਤਰ ਦੇ ਨਾਮ ਮੰਗ ਪੱਤਰ ਸੌਂਪੇ ਗਏ। ਇਸ ਮੌਕੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਦੁੱਗਾਂ ਨੇ ਕਿਹਾ ਕਿ 26 ਜੂਨ 2024 ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਹੋਈ ਸੀ, ਜਿਸ ਵਿਚ ਕੁਝ ਮੰਗਾਂ ’ਤੇ ਸਹਿਮਤੀ ਬਣੀ ਸੀ। ਪਰ ਦੁੱਖ ਦੀ ਗੱਲ ਹੈ ਕਿ ਪਿਛਲੇ 28 ਸਾਲਾਂ ਤੋਂ ਜਾਨ ਦੇ ਜੋਖ਼ਮ ਨਾਲ ਸਮਾਜ ਸੇਵਾ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਰਿਟਾਇਰਮੈਂਟ ਸਮੇਂ ਖਾਲੀ ਹੱਥ ਘਰ ਭੇਜ ਦਿੱਤਾ ਜਾਂਦਾ ਹੈ। ਜਦਕਿ ਉਹ ਆਪਣੀ ਮਿਹਨਤ ਨਾਲ ਹਰ ਘਰ, ਪਰਿਵਾਰ ਅਤੇ ਵਰਗ ਤੱਕ ਸਿਹਤ ਸਹੂਲਤਾਂ ਪਹੁੰਚਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 2500 ਰੁਪਏ ਮਹੀਨਾ ਆਨਰੇਰਿਅਮ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ। ਇਸ ਤੋਂ ਉਲਟ ਭਾਰਤ ਸਰਕਾਰ ਵੱਲੋਂ ਜੱਚਾ-ਬੱਚਾ ਦੇਖਭਾਲ, ਚੈੱਕਅਪ ਆਦਿ ਨਾਲ ਜੁੜੇ ਮਹੱਤਵਪੂਰਨ ਇਨਸੈਂਟਿਵ ਵੀ ਕੱਟ ਲਏ ਗਏ ਹਨ। ਉਨ੍ਹਾਂ ਨੇ ਰੋਸ ਜ਼ਾਹਰ ਕੀਤਾ ਕਿ ਲੰਮੇ ਸਮੇਂ ਤੋਂ ਮੰਗਾਂ ਦੇ ਹੱਲ ਲਈ ਮੀਟਿੰਗ ਦੀ ਉਡੀਕ ਕੀਤੀ ਜਾ ਰਹੀ ਹੈ, ਪਰ ਸਮੇਂ-ਸਮੇਂ ’ਤੇ ਝੂਠੇ ਵਾਅਦੇ ਕਰਕੇ ਸਿਰਫ਼ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ, ਜਿਸਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਮਸਲਿਆਂ ਦੇ ਹੱਲ ਲਈ ਜਲਦ ਪੈਨਲ ਮੀਟਿੰਗ ਬੁਲਾਈ ਜਾਵੇ। ਇਸ ਮੌਕੇ ਮੀਤ ਪ੍ਰਧਾਨ ਲਾਭ ਕੌਰ ਸੰਗਰੂਰ, ਸੋਨੀ ਕੌਰ, ਸੋਮਾ ਰਾਣੀ, ਰਿੰਪੀ ਕੌਰ, ਚਰਨਜੀਤ ਕੌਰ ਮੰਗਵਾਲ, ਗੁਲਸ਼ਨ ਰਾਣੀ, ਮਨਦੀਪ ਕੌਰ ਧੰਦੀਵਾਲ, ਸੁਰਿੰਦਰ ਕੌਰ ਭਵਾਨੀਗੜ੍ਹ ਮੌਜੂਦ ਸਨ। ਇਹ ਹਨ ਮੰਗਾਂ * ਆਸ਼ਾ ਵਰਕਰਾਂ ਅਤੇ ਫੈਸਿਲਿਟੇਟਰਾਂ ਨੂੰ ਮਿਨੀਮਮ ਵੇਜ ਅਨੁਸਾਰ 24 ਹਜ਼ਾਰ ਰੁਪਏ ਤਨਖਾਹ ਅਤੇ ਦਰਜਾ ਚਾਰ ਗ੍ਰੇਡ ਦਿੱਤਾ ਜਾਵੇ। * ਈਪੀਐਫ ਦੀ ਸਹੂਲਤ ਲਾਗੂ ਕੀਤੀ ਜਾਵੇ। * ਮਹੀਨਾਵਾਰ 2500 ਰੁਪਏ ਆਨਰੇਰਿਅਮ ਨੂੰ ਇੰਕਰੀਮੈਂਟ ਸਮੇਤ ਡਬਲ ਕੀਤਾ ਜਾਵੇ। * ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ। * ਹਰ ਮਹੀਨੇ 25 ਟੂਰ ਦਿੱਤੇ ਜਾਣ ਅਤੇ ਪ੍ਰਤੀ ਟੂਰ 500 ਰੁਪਏ ਭੁਗਤਾਨ ਕੀਤਾ ਜਾਵੇ। * ਹਰ ਸਾਲ ਟੂਰ ਭੱਤੇ ਵਿੱਚ ਵਾਧਾ ਕੀਤਾ ਜਾਵੇ। * ਕੱਟੇ ਗਏ ਭੱਤੇ ਮੁੜ ਬਹਾਲ ਕੀਤੇ ਜਾਣ। * ਸੇਵਾ ਨਿਵ੍ਰਿਤੀ ਤੋਂ ਬਾਅਦ 5 ਲੱਖ ਰੁਪਏ ਰਾਹਤ ਫੰਡ ਦਿੱਤਾ ਜਾਵੇ ਅਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। * 5 ਸਾਲ ਪੂਰੇ ਕਰਨ ਵਾਲੀਆਂ ਫੈਸਿਲਿਟੇਟਰਾਂ ਨੂੰ ਵਾਰਡ ਅਟੈਂਡੈਂਟ ਦੇ ਅਹੁਦੇ ’ਤੇ ਪ੍ਰਮੋਟ ਕੀਤਾ ਜਾਵੇ। * ਸਮਾਰਟ ਫੋਨ ਮੁਹੱਈਆ ਕਰਵਾਏ ਜਾਣ। * 27 ਅਪ੍ਰੈਲ ਨੂੰ ਆਸ਼ਾ ਦਿਵਸ ਘੋਸ਼ਿਤ ਕੀਤਾ ਜਾਵੇ। * ਮੌਤ ਦੀ ਸਥਿਤੀ ਵਿੱਚ ਪਰਿਵਾਰ ਨੂੰ ਐਕਸ-ਗ੍ਰੇਸ਼ੀਆ ਗ੍ਰਾਂਟ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।