ਅਪੋਲੋ ਪਬਲਿਕ ਸਕੂਲ ’ਚ ਵਿਸਾਖੀ ਮਨਾਈ
ਅਪੋਲੋ ਪਬਲਿਕ ਸਕੂਲ ’ਚ ਵਿਸਾਖੀ ਮਨਾਈ
Publish Date: Wed, 15 Apr 2026 06:05 PM (IST)
Updated Date: Wed, 15 Apr 2026 06:09 PM (IST)
ਫੋਟੋ 15ਪੀਟੀਐੱਲ- ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅਪੋਲੋ ਪਬਲਿਕ ਸਕੂਲ, ਦੇਵੀਗਡ਼੍ਹ ਵਿਖੇ ਵਿਸਾਖੀ ਦਾ ਤਿਉਹਾਰ ਬਡ਼ੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸੁੰਦਰ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਵਿਸਾਖੀ ਦੇ ਮਹੱਤਵ ’ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ’ਚ ਭਾਸ਼ਣ ਪੇਸ਼ ਕੀਤੇ, ਜਿਨ੍ਹਾਂ ਰਾਹੀਂ ਇਸ ਪਵਿੱਤਰ ਤਿਉਹਾਰ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ’ਤੇ ਵਿਦਿਆਰਥੀਆਂ ਵੱਲੋਂ ਗੀਤ ਗਾਏ ਗਏ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਲੋਕ ਨਾਚ ਵੀ ਪੇਸ਼ ਕੀਤਾ ਗਿਆ। ਛੋਟੇ ਬੱਚਿਆਂ ਵੱਲੋਂ ਆਰਟ ਐਂਡ ਕਰਾਫਟ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਨੀਲਿਮਾ ਦੀਕਸ਼ਿਤ ਵੱਲੋਂ ਵੀ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਏਕਤਾ, ਮਿਹਨਤ ਅਤੇ ਖੁਸ਼ਹਾਲੀ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਸੰਸਕਾਰਾਂ ਅਤੇ ਰਿਵਾਜਾਂ ਨਾਲ ਜੁਡ਼ੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਅਜਿਹੇ ਸਮਾਗਮਾਂ ਵਿੱਚ ਸਰਗਰਮ ਭਾਗ ਲੈਣ ਲਈ ਉਤਸ਼ਾਹਿਤ ਕੀਤਾ।