ਸੁੰਦਰ ਬਸਤੀ ਦੇ 6 ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਨੋਚਿਆ
ਸੁੰਦਰ ਬਸਤੀ ਦੇ ਇੱਕ ਹੋਰ ਮਾਸੂਮ ਬੱਚੇ ਨੂੰ ਖੂੰਖਾਰ ਕੁੱਤਿਆਂ ਨੇ ਨੋਚਿਆ
Publish Date: Fri, 27 Feb 2026 06:28 PM (IST)
Updated Date: Sat, 28 Feb 2026 04:04 AM (IST)

ਘਰ ਦਿਆਂ ਤੇ ਲੋਕਾਂ ਨੇ ਕੁੱਤਿਆਂ ਤੋਂ ਬਚਾ ਕੇ ਤੁਰੰਤ ਹਸਪਤਾਲ ਕਰਵਾਇਆ ਦਾਖਲ ਬੱਚੇ ਦੇ ਸਰੀਰ ’ਤੇ 20 ਨਿਸ਼ਾਨ ਬਣੇ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਸੁੰਦਰ ਬਸਤੀ ਵਿਚ ਦੁਕਾਨ ਤੋਂ ਚੀਜ਼ ਲੈਣ ਜਾ ਰਹੇ ਛੇ ਸਾਲ ਦੇ ਬੱਚੇ ਨੂੰ ਪੰਜ-ਛੇ ਕੁੱਤਿਆਂ ਨੇ ਘੇਰ ਲਿਆ ਅਤੇ ਉਸਦਾ ਸਰੀਰ ਨੋਚ ਦਿੱਤਾ। ਰੌਲਾ ਸੁਣਕੇ ਉਸਦੇ ਘਰਦਿਆਂ ਨੇ ਮੁਸ਼ਕਲ ਨਾਲ ਬੱਚੇ ਨੂੰ ਕੁੱਤਿਆਂ ਦੇ ਚੁੰਗਲ ਵਿੱਚੋਂ ਛੁਡਵਾਕੇ ਹਸਪਤਾਲ ਭਰਤੀ ਕਰਵਾਇਆ। ਬੱਚੇ ਦੇ ਸਰੀਰ ਦੇ ਕਰੀਬ 20 ਨਿਸ਼ਾਨ ਹਨ ਅਤੇ ਬੱਚਾ ਦਰਦ ਨਾਲ ਬਿਲਖਦਾ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਸੁੰਦਰ ਬਸਤੀ ਦੀ ਵਸਨੀਕ ਅਨੀਤਾ ਪਤਨੀ ਮੱਖਣ ਸਿੰਘ, ਇਸਤੋਂ ਬਾਅਦ ਚਾਰ ਸਾਲਾਂ ਮਾਸੂਮ ਬੱਚੇ ਰੋਹਿਤ ਪੁੱਤਰ ਸਾਗਰ ਤੇ ਪੰਜ ਸਾਲਾਂ ਗਗਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਤੇ ਆਵਾਰਾ ਕੁੱਤਿਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ ਉਨ੍ਹਾਂ ਦੇ ਜ਼ਖ਼ਮ ਅਜੇ ਠੀਕ ਨਹੀਂ ਹੋਏ ਕਿ ਸ਼ੁੱਕਰਵਾਰ ਨੂੰ ਸੁੰਦਰ ਬਸਤੀ ਦੇ ਹੀ ਇੱਕ ਹੋਰ 6 ਸਾਲ ਦੇ ਮਾਸੂਮ ਬੱਚੇ ਅਮ੍ਰਿਤ ਸਿੰਘ ਪੁੱਤਰ ਸਿਕੰਦਰ ਸਿੰਘ ਨੂੰ ਆਵਾਰਾ ਕੁੱਤਿਆਂ ਨੇ ਉਸ ਸਮੇਂ ਬੁਰੀ ਤਰ੍ਹਾਂ ਨਾਲ ਵੱਢ ਲਿਆ, ਜਦੋਂ ਉਹ ਘਰ ਦੇ ਨੇੜੇ ਹੀ ਦੁਕਾਨ ਤੋਂ ਚੀਜ਼ ਲੈਣ ਜਾ ਰਿਹਾ ਸੀ। ਬੱਚੇ ਦਾ ਰੌਲਾ ਸੁਣਕੇ ਉਸਦੇ ਘਰਦਿਆਂ ਤੇ ਲੋਕਾਂ ਨੇ ਮੁਸ਼ਕਲ ਨਾਲ ਉਸਨੂੰ ਕੁੱਤਿਆਂ ਤੋਂ ਬਚਾਇਆ ਅਤੇ ਤੁਰੰਤ ਹਸਪਤਾਲ ਦਾਖਲ ਕਰਵਾਇਆ। ਜਿੱਥੇ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਮੌਕੇ ਤੇ ਮੌਜੂਦ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਕਾਂਗੜਾ ਨੇ ਕਿਹਾ ਕਿ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਦਾ ਲੋਕਾਂ ਅੰਦਰ ਖੌਫ ਨਜ਼ਰ ਆ ਰਿਹਾ ਹੈ। ਇਹਨਾਂ ਆਵਾਰਾ ਕੁੱਤਿਆਂ ਤੋਂ ਸ਼ਹਿਰ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਅਤੇ ਬੇਵੱਸ ਨਜ਼ਰ ਆ ਰਹੇ ਹਨ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਮੁਹੱਲੇ, ਹਸਪਤਾਲ,ਬਨਾਸਰ ਬਾਗ ਅਤੇ ਹੋਰ ਪਬਲਿਕ ਸਥਾਨਾਂ ਦੇ ਨਾਲ ਨਾਲ ਬਾਜ਼ਾਰਾਂ ਵਿੱਚ ਆਵਾਰਾ ਕੁੱਤਿਆਂ ਦੇ ਝੂੰਢ ਘੁੰਮ ਰਹੇ ਹਨ ਜ਼ੋ ਰੋਜ਼ਾਨਾ ਹੀ ਕਿਸੇ ਨਾ ਕਿਸੇ ਨੂੰ ਕੱਟ ਲੈਂਦੇ ਹਨ ਉਨ੍ਹਾਂ ਕਿਹਾ ਕਿ ਸੁੰਦਰ ਬਸਤੀ ਦੇ ਲੋਕ ਲਗਾਤਾਰ ਇਹਨਾਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਸਬੰਧੀ ਉਹ ਕਈ ਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਨੂੰ ਲਿਖਤੀ ਤੌਰ ਤੇ ਜਾਣੂ ਕਰਵਾ ਚੁੱਕੇ ਹਨ ਪ੍ਰੰਤੂ ਇਹਨਾਂ ਆਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਨਜ਼ਾਕਤ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਅਜਿਹਾ ਕਰਕੇ ਨਗਰ ਕੌਂਸਲ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਸਮਝਿਆ ਜਾ ਰਿਹਾ ਹੈ। ਕੁੱਤਿਆਂ ਦਾ ਹੱਲ ਨਾ ਹੋਇਆ ਤਾਂ ਨਗਰ ਕੌਂਸਲ ਖ਼ਿਲਾਫ਼ ਖੋਲ੍ਹਿਆ ਜਾਵੇਗਾ ਮੋਰਚਾ : ਦਰਸ਼ਨ ਕਾਂਗੜਾ ਦਰਸ਼ਨ ਕਾਂਗੜਾ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਇਨ੍ਹਾਂ ਆਵਾਰਾ ਕੁੱਤਿਆਂ ਦਾ ਕੋਈ ਠੋਸ ਹੱਲ ਨਾ ਕੀਤਾ ਤਾਂ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਖ਼ਿਲਾਫ਼ ਪੱਕੇ ਤੌਰ ’ਤੇ ਮੋਰਚਾ ਖੋਲ੍ਹਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ ਇਹਨਾਂ ਗਰੀਬ ਵਿਅਕਤੀਆਂ ਨੂੰ ਨਗਰ ਕੌਂਸਲ ਤੁਰੰਤ ਸੁਪਰੀਮ ਕੋਰਟ ਵੱਲੋਂ ਤਹਿ ਕੀਤਾ ਮੁਆਵਜ਼ੇ ਦੀ ਰਾਸ਼ੀ ਦੇਵੇ। ਉਨ੍ਹਾਂ ਨਗਰ ਕੌਂਸਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇਹਨਾਂ ਸਾਰੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ