ਭਾਰਤੀ ਦੀ ਕੋਸ਼ਿਸ਼ ਹੋਈ ਕਾਮਯਾਬ ਪੀਐੱਮ ਮੋਦੀ ਨੇ ਲਿਆ ਨੋਟਿਸ
ਭਾਰਤੀ ਦੀ ਕੋਸ਼ਿਸ਼ ਹੋਈ ਕਾਮਯਾਬ ਪ੍ਰਧਾਨ ਮੰਤਰੀ ਮੋਦੀ ਨੇ ਲਿਆ ਵੱਡਾ ਨੋਟਿਸ
Publish Date: Sun, 05 Apr 2026 04:49 PM (IST)
Updated Date: Sun, 05 Apr 2026 04:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਤੇਜ਼ ਨੋਟਿਸ ਲਏ ਜਾਣ ਨਾਲ ਦੇਸ਼ ਦੀਆਂ ਸੜਕਾਂ ਨੂੰ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਨ ਤੇ ਭਾਰਤੀ ਗਊਧਨ ਨੂੰ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਬਣਾਉਣ ਦੀ ਦਿਸ਼ਾ ਵਿਚ ਇਕ ਬਹੁਤ ਵੱਡੀ ਸਫ਼ਲਤਾ ਹੱਥ ਲੱਗੀ ਹੈ। ਪੋਲਿਊਸ਼ਨ ਫ੍ਰੀ ਇੰਡੀਆ ਪ੍ਰੋਜੈਕਟ ਇੰਟਲੈਕਚੁਅਲ ਫੋਰਮ ਦੇ ਸੰਸਥਾਪਕ, ਅੰਤਰਰਾਸ਼ਟਰੀ ਲੇਖਕ ਅਨਿਲ ਕੁਮਾਰ ਭਾਰਤੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਗਏ ਨਵੇਂ ਰਾਸ਼ਟਰੀ ਗਊ-ਸ਼ਕਤੀ ਮਾਡਲ ਤੇ ਕੇਂਦਰ ਸਰਕਾਰ ਨੇ ਨੋਟਿਸ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਯੋਜਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਨੂੰ ਜ਼ਮੀਨ ਤੇ ਉਤਾਰਨ ਲਈ ਭਾਰਤ ਸਰਕਾਰ ਦੇ ਵਿਸ਼ੇਸ਼ ਵਿਭਾਗ ਸੀ.ਈ.ਓ ਮਾਈਗੋਵ ਨੂੰ ਸੌਂਪ ਦਿੱਤਾ ਹੈ। ਨੂਰਮਹਿਲ ਮਾਡਲ ਅਤੇ ਹਰਿਤ ਊਰਜਾ ਨਾਲ ਆਤਮਨਿਰਭਰਤਾ ਪ੍ਰਦਾਨ ਕਰਨ ਵਾਲੀ ਇਸ ਕਾਰਜ ਯੋਜਨਾ ਦੇ ਮੁੱਖ ਬਿੰਦੂਆਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਸ ਵਿਚ ਪੰਜਾਬ ਦੇ ਨੂਰਮਹਿਲ ਵਿਚ ਚੱਲ ਰਹੇ ਸਫ਼ਲ ਅਤੇ ਵਿਗਿਆਨਕ ਗਊਸ਼ਾਲਾ ਪ੍ਰਬੰਧਨ ਨੂੰ ਆਧਾਰ ਬਣਾ ਕੇ ਪੂਰੇ ਦੇਸ਼ ਦੀਆਂ ਗਊਸ਼ਾਲਾਵਾਂ ਦੇ ਆਧੁਨਿਕੀਕਰਨ ਦੀ ਤਜਵੀਜ਼ ਹੈ। ਪਸ਼ੂ-ਆਧਾਰ ਤੇ ਗਊ-ਕਾਸ਼ਟ ਦੀ ਨਵੀਂ ਪਹਿਲ ਦੀ ਇਸ ਵਿਵਹਾਰਕ ਯੋਜਨਾ ਵਿਚ ਪਸ਼ੂ-ਆਧਾਰ ਯਾਨੀ ਡਿਜੀਟਲ ਗਊ-ਟ੍ਰੈਕਿੰਗ ਦਾ ਵਿਸ਼ੇਸ਼ ਪ੍ਰਬੰਧ ਹੈ, ਜਿਸ ਦੇ ਤਹਿਤ ਆਰ ਐਫ ਆਈ ਡੀ ਚਿੱਪ ਅਤੇ ਜੀ ਪੀ ਐਸ ਟ੍ਰੈਕਿੰਗ ਰਾਹੀਂ ਦੇਸ਼ ਦੇ ਹਰੇਕ ਬੇਸਹਾਰਾ ਪਸ਼ੂ ਨੂੰ ਇਕ ਵਿਸ਼ੇਸ਼ ਪਛਾਣ ਦੇਣ ਦਾ ਪ੍ਰਬੰਧ ਹੈ, ਜਿਸ ਨਾਲ ਉਨ੍ਹਾਂ ਦੀ ਗੈਰ-ਕਾਨੂੰਨੀ ਤਸਕਰੀ ਅਤੇ ਅਣਦੇਖੀ ਤੇ ਪੂਰੀ ਤਰ੍ਹਾਂ ਰੋਕ ਲੱਗੇਗੀ। ਪੇਂਡੂ ਆਰਥਿਕਤਾ ਤੇ ਇਸ ਨਾਲ ਜੁੜਿਆ ਹੋਇਆ ਰਾਸ਼ਟਰਵਿਆਪੀ ਤੰਤਰ ਬਣਾਉਣ ਤੇ ਜ਼ੋਰ ਦਿੰਦੇ ਹੋਏ ਇਸ ਕਾਰਜ ਯੋਜਨਾ ਵਿਚ ਇਹ ਵੀ ਸਿਫ਼ਾਰਿਸ਼ ਕੀਤੀ ਗਈ ਹੈ ਕਿ ਸਾਰੀਆਂ ਗਊਸ਼ਾਲਾਵਾਂ ਨੂੰ ਜ਼ੀਰੋ ਲਾਗਤ ਵਾਲੀ ਕੁਦਰਤੀ ਖੇਤੀ ਲਈ ਜੈਵਿਕ ਖਾਦ ਨਿਰਮਾਣ ਦਾ ਕੇਂਦਰ ਬਣਾਉਣ ਅਤੇ ਗੋਹੇ ਤੇ ਆਧਾਰਿਤ ਛੋਟੇ ਉਦਯੋਗਾਂ ਨਾਲ ਪੇਂਡੂ ਔਰਤਾਂ ਨੂੰ ਰੁਜ਼ਗਾਰ ਦੇ ਕੇ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਇਸ ਮਹੱਤਵਪੂਰਨ ਕਾਰਜ ਯੋਜਨਾ ਨੂੰ ਇਕ ਰਾਸ਼ਟਰਵਿਆਪੀ ਲੋਕ-ਲਹਿਰ ਬਣਾਉਣ ਦਾ ਸੰਕਲਪ ਪ੍ਰਦਾਨ ਕਰਦੇ ਹੋਏ ਭਾਰਤੀ ਨੇ ਪੂਰਾ ਭਰੋਸਾ ਜਤਾਇਆ ਹੈ ਕਿ ਜਿਸ ਤਰ੍ਹਾਂ ਦੇਸ਼ ਵਿਚ ਸਵੱਛ ਭਾਰਤ ਅਤੇ ਡਿਜੀਟਲ ਇੰਡੀਆ ਲੋਕ-ਲਹਿਰ ਬਣੇ ਹਨ, ਉਸੇ ਤਰ੍ਹਾਂ ਕੇਂਦਰ ਸਰਕਾਰ ਦੀ ਅਗਵਾਈ ਹੇਠ ਸਾਰੇ ਸੂਬਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਗਊ-ਸ਼ਕਤੀ ਮਾਡਲ ਵੀ ਇੱਕ ਨਵੇਂ ਅਤੇ ਖ਼ੁਸ਼ਹਾਲ ਭਾਰਤ ਦੀ ਨੀਂਹ ਰੱਖੇਗਾ।