ਆਂਗਨਵਾੜੀ ਵਰਕਰਾਂ ਨੇ ਡੀਸੀ ਦਫਤਰ ਅੱਗੇ ਕੀਤਾ ਪ੍ਰਦਰਸ਼ਨ
ਆਂਗਨਵਾੜੀ ਵਰਕਰਾਂ ਨੇ ਡੀਸੀ ਦਫਤਰ ਅੱਗੇ ਕੀਤਾ ਪ੍ਰਦਰਸ਼ਨ
Publish Date: Fri, 17 Apr 2026 04:16 PM (IST)
Updated Date: Sat, 18 Apr 2026 04:00 AM (IST)

ਸਮਾਰਟ ਫੋਨ ਪਿੰਡ ਵਿਕਾਸ ਵਿਭਾਗ ਨੂੰ ਸੌਂਪਣ ਦੇ ਫੈਸਲੇ ਦਾ ਵਿਰੋਧ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਆਂਗਨਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ’ਚ ਸ਼ੁੱਕਰਵਾਰ ਨੂੰ ਆਗਨਵਾੜੀ ਵਰਕਰਾਂ ਵੱਲੋਂ ਸਮਾਰਟ ਫੋਨ ਮਸਲੇ ਨੂੰ ਲੈ ਕੇ ਡੀਸੀ ਦਫਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਨੇ ਆਗਨਵਾੜੀ ਕੇਂਦਰਾਂ ਲਈ ਖਰੀਦੇ ਗਏ ਸਮਾਰਟ ਫੋਨਾਂ ਨੂੰ ਪਿੰਡ ਵਿਕਾਸ ਵਿਭਾਗ ਨੂੰ ਸੌਂਪਣ ਦੇ ਫੈਸਲੇ ਦਾ ਤਿੱਖਾ ਵਿਰੋਧ ਕੀਤਾ। ਵਰਕਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਨੂੰ ਸਮਾਰਟ ਫੋਨ ਮੁਹੱਈਆ ਨਾ ਕਰਵਾਏ ਗਏ ਤਾਂ ਉਹ “ਮਾਂ-ਬੇਟੀ ਸਨਮਾਨ ਯੋਜਨਾ” ਤਹਿਤ ਡਾਟਾ ਆਨਲਾਈਨ ਅਪਲੋਡ ਨਹੀਂ ਕਰਨਗੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੀਲੋਵਾਲ ਅਤੇ ਜ਼ਿਲ੍ਹਾ ਸਕੱਤਰ ਮਨਦੀਪ ਕੁਮਾਰੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਯਕੀਨੀ ਨਹੀਂ ਬਣਾਉਂਦੀ ਕਿ ਖਰੀਦੇ ਗਏ ਮੋਬਾਈਲ ਫੋਨ ਆਗਨਵਾੜੀ ਵਰਕਰਾਂ ਲਈ ਹੀ ਹਨ, ਤਦ ਤੱਕ ਉਹ ਕੰਮ ਸ਼ੁਰੂ ਨਹੀਂ ਕਰਨਗੀਆਂ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਰਕਰਾਂ ਨੂੰ ਕੇਵਲ 5 ਮਹੀਨਿਆਂ ਬਾਅਦ ਫੋਨ ਦੇਣ ਦੀ ਗੱਲ ਕਹੀ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੋਸ਼ਣ ਟ੍ਰੈਕਰ ਐਪ ‘ਤੇ ਕੰਮ ਕਰਨ ਲਈ ਨਿੱਜੀ ਮੋਬਾਈਲ ਫੋਨ ਦੀ ਵਰਤੋਂ ਕਰਨਾ ਸੰਭਵ ਨਹੀਂ ਹੈ। ਕਈ ਵਰਕਰਾਂ ਕੋਲ ਸਮਾਰਟ ਫੋਨ ਹੀ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਕੰਮ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਵਰਤੇ ਹੋਏ ਫੋਨ ਨਹੀਂ ਲੈਣਗੀਆਂ, ਸਗੋਂ ਸੀਲਬੰਦ (ਨਵੇਂ) ਮੋਬਾਈਲ ਫੋਨ ਹੀ ਕਬੂਲ ਕਰਨਗੀਆਂ। ਉਨ੍ਹਾਂ ਦੱਸਿਆ ਕਿ 13 ਅਪ੍ਰੈਲ ਤੋਂ ਸ਼ੁਰੂ ਹੋਈ “ਮਾਂ-ਬੇਟੀ ਸਨਮਾਨ ਯੋਜਨਾ” ਤਹਿਤ ਲਾਭਪਾਤਰੀਆਂ ਦੇ ਫਾਰਮ ਭਰਨ ਦੀ ਜ਼ਿੰਮੇਵਾਰੀ ਵੀ ਆਗਨਵਾੜੀ ਵਰਕਰਾਂ ਨੂੰ ਦਿੱਤੀ ਗਈ ਹੈ, ਜੋ ਬਿਨਾਂ ਸਰਕਾਰੀ ਮੋਬਾਈਲ ਫੋਨ ਦੇ ਸੰਭਵ ਨਹੀਂ। ਉਨ੍ਹਾਂ ਮੰਗ ਕੀਤੀ ਕਿ ਹਰ ਫਾਰਮ ਅਪਲੋਡ ਕਰਨ ਲਈ ਘੱਟੋ-ਘੱਟ 100 ਰੁਪਏ ਭੁਗਤਾਨ ਕੀਤਾ ਜਾਵੇ। ਧਰਨੇ ਦੇ ਦੌਰਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੋਬਾਈਲ ਫੋਨ ਆਂਗਨਵਾੜੀ ਵਰਕਰਾਂ ਨੂੰ ਹੀ ਦਿੱਤੇ ਜਾਣਗੇ। ਇਸ ਤੋਂ ਬਾਅਦ ਯੂਨੀਅਨ ਨੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪ ਕੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਰਾਜ ਕੌਰ ਭਵਾਨੀਗੜ੍ਹ, ਅੰਗਰੇਜ਼ ਕੌਰ ਭਵਾਨੀਗੜ੍ਹ, ਪ੍ਰਕਾਸ਼ ਕੌਰ ਅਨਦਾਣਾ, ਸ਼ਕੁੰਤਲਾ ਰਾਣੀ ਧੂਰੀ , ਰਾਜ ਕੌਰ ਧੂਰੀ, ਸੁਰਿੰਦਰ ਕੌਰ ਬਾਲੀਆ, ਸੁਖਵਿੰਦਰ ਕੌਰ ਦਿੜਬਾ, ਗੁਰਰਾਜ ਕੌਰ ਸੁਨਾਮ ਹਾਜ਼ਰ ਸਨ।