ਆਂਗਨਵਾੜੀ ਵਰਕਰਾਂ ਨੇ ਸਾੜੀਆਂ ਬਜਟ ਦੀਆਂ ਕਾਪੀਆਂ
ਆਂਗਣਵਾੜੀ ਵਰਕਰਾਂ ਨੇ ਸਾੜੀਆਂ ਬਜਟ ਦੀਆਂ ਕਾਪੀਆਂ
Publish Date: Mon, 02 Feb 2026 06:44 PM (IST)
Updated Date: Tue, 03 Feb 2026 04:11 AM (IST)

ਬਰਨਾਲਾ ਕੈਚੀਆਂ ’ਚ ਕੀਤਾ ਰੋਸ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ ਨੇ ਰੋਕੇ ਵਾਹਨ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ( ਸੀਟੂ) ਵੱਲੋਂ ਸ਼ਹਿਰ ਦੇ ਬਰਨਾਲਾ ਕੈਚੀਆਂ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਐਤਵਾਰ ਨੂੰ ਕੇਂਦਰ ਸਰਕਾਰ ਦੇ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ ਤੇ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਦੌਰਾਨ ਚੌਕ ਵਿਚ ਟ੍ਰੈਫਿਕ ਜਾਮ ਹੋ ਗਿਆ ਤੇ ਲੋਕਾਂ ਨੂੰ ਕੁਝ ਸਮੇਂ ਲਈ ਪਰੇਸ਼ਾਨੀ ਝੱਲਣੀ ਪਈ। ਇਸ ਮੌਕੇ ਆਲ ਇੰਡੀਆ ਆਂਗਨਵਾੜੀ ਵਰਕਰ ਹੈੱਲਪਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਉਹ ਆਂਗਨਵਾੜੀ ਵਰਕਰ ਹੈੱਲਪਰ ਸਮੇਤ ਸਮੂਹ ਸਕੀਮ ਵਰਕਰਾਂ ਦੇ ਹਿੱਤ ਨੂੰ ਅੱਖੋਂ ਭਰੋਖੇ ਕਰ ਕੇ ਲਿਆਂਦਾ ਗਿਆ ਹੈ। 2018 ਤੋਂ ਲੈ ਕੇ ਕੇਂਦਰ ਵੱਲੋਂ ਸਕੀਮ ਵਰਕਰਾਂ ਲਈ ਇਕ ਵੀ ਰੁਪਏ ਦਾ ਮਾਣ ਭੱਤੇ ਵਿਚ ਵਾਧਾ ਨਹੀਂ ਕੀਤਾ ਗਿਆ। ਜਦੋਂ ਕਿ ਇਨ੍ਹਾਂ ਦਿਨਾਂ ’ਚ ਮਹਿੰਗਾਈ ਅੱਤ ਦੀ ਹੋ ਗਈ ਹੈ। ਜਥੇਬੰਦੀ ਦੇ ਸੁਬਾਈ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਅਤੇ ਹੈੱਲਪਰਾਂ ਸਾਲਾਂ ਤੋਂ ਘੱਟ ਮਾਣ-ਭੱਤੇ, ਅਸਥਾਈ ਦਰਜੇ ਤੇ ਅਸੁਰੱਖਿਅਤ ਕੰਮਕਾਜੀ ਹਾਲਾਤਾਂ ’ਚ ਕੰਮ ਕਰਨ ਲਈ ਮਜਬੂਰ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਲਗਾਤਾਰ ਅੱਖੋ ਪਰੋਖੇ ਕੀਤਾ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਅਭਿਆਨ ਅਤੇ ਪੋਸ਼ਣ ਟਰੈਕ ਨੂੰ ਚਲਦੇ ਛੇ ਸਾਲ ਹੋ ਗਏ ਹਨ। ਪਰ ਛੇ ਸਾਲਾਂ ਵਿਚ ਨਾ ਪੰਜਾਬ ਸਰਕਾਰ ਵੱਲੋਂ ਮੋਬਾਈਲ ਖਰੀਦੇ ਗਏ। ਆਂਗਨਵਾੜੀ ਵਰਕਰ ਤੋਂ ਉਸਦੇ ਨਿੱਜੀ ਮੋਬਾਈਲ ਦੀ ਵਰਤੋਂ ਕਰਦੇ ਹੋਏ ਪਰਤਾੜਨਾ ਦੇ ਤਹਿਤ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਸਰਕਾਰ ਨਾਲ ਗੱਲਬਾਤ ਹੋਣ ਦੇ ਬਾਵਜੂਦ ਕੋਈ ਢੁੱਕਵਾਂ ਨਤੀਜਾ ਨਹੀਂ ਨਿਕਲਿਆ, ਜਿਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ’ਤੇ ਆਉਣਾ ਪਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਆਂਗਨਵਾੜੀ ਵਰਕਰਾਂ ਅਤੇ ਹੈੱਲਪਰਾਂ ਦੀਆਂ ਮੰਗਾਂ ਨੂੰ ਪੂਰਾ ਕਰ ਕੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ, ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਯੂਨੀਅਨ ਦੀ ਕੌਮੀ ਮੀਤ ਪ੍ਰਧਾਨ ਮਨਦੀਪ ਕੁਮਾਰੀ, ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਮੀਤ ਪ੍ਰਧਾਨ ਤ੍ਰਿਸ਼ਨਜੀਤ ਕੌਰ, ਬਲਰਾਜ ਕੌਰ, ਗੁਰਮੇਲ ਕੌਰ, ਸਕੱਤਰ ਭਿੰਦਰ ਕੌਰ ਗੌਸਲ, ਸੁਰਜੀਤ ਕੌਰ ਮੌਜੂਦ ਸਨ। ਪ੍ਰਦਰਸ਼ਨ ਦੌਰਾਨ ਟ੍ਰੈਫਿਕ ਹੋਇਆ ਜਾਮ, ਲੋਕ ਹੋਏ ਪਰੇਸ਼ਾਨ ਸੋਮਵਾਰ ਨੂੰ ਆਂਗਨਵਾੜੀ ਵਰਕਰਾਂ ਨੇ ਬੇਸ਼ਕ ਕੁਝ ਸਮੇਂ ਲਈ ਹੀ ਰੋਸ ਪ੍ਰਦਰਸ਼ਨ ਕੀਤਾ, ਪ੍ਰੰਤੂ ਘੱਟ ਸਮੇਂ ਵਿਚ ਹੀ ਮਹਾਵੀਰ ਚੌਕ ਵਿਚ ਚਾਰੇ ਪਾਸੇ ਟ੍ਰੈਫਿਕ ਜਾਮ ਹੋ ਗਿਆ। ਚਾਰੇ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ। ਜ਼ਿਆਦਾਤਰ ਲੋਕਾਂ ਨੂੰ ਇਧਰ-ਉਧਰ ਦੇ ਰਸਤਿਓ ਹੋ ਕੇ ਲੰਘਣਾ ਪਿਆ। ਚਾਰ ਪਹੀਆ ਵਾਹਨ ਚਾਲਕ ਟ੍ਰੈਫਿਕ ਜਾਮ ਵਿਚ ਫਸ ਗਏ ਅਤੇ ਕਾਫੀ ਸਮੇਂ ਬਾਅਦ ਟ੍ਰੈਫਿਕ ਸਚਾਰੂ ਹੋਇਆ।