- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪੁਰਾ ਅਨਾਜ ਮੰਡੀ ਵਿਖੇ 543 ਮੀਟਰਕ ਟਨ ਕਣਕ ਦੀ ਹੋਈ ਸਰਕਾਰੀ ਖਰੀਦ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਏਸ਼ੀਆ ਦੀ ਦੂਜੀ ਵੱਡੀ ਨਵੀਂ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਣ ਉਪਰੰਤ ਅੱਜ ਤੱਕ 570 ਮੀਟ੍ਰਿਕ ਟਨ ਕਣਕ ਅਨਾਜ ਮੰਡੀ ਵਿਖੇ ਪੁੱਜ ਚੁੱਕੀ ਹੈ ਜਿਸ ’ਚੋਂ 543 ਮੀਟਰ ਟਨ ਕਣਕ ਦੀ ਖਰੀਦ ਮੁਕੰਮਲ ਹੋਣ ਉਪਰੰਤ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਵੱਲੋਂ ਸਰਕਾਰੀ ਖਰੀਦ ਏਜੰਸੀ ਪਨਗਰੇਨ ਵੱਲੋਂ ਖਰੀਦ ਕੀਤੀ ਕਣਕ ਦੀ ਲਿਫਟਿੰਗ ਦੀ ਸ਼ੁਰੂਆਤ ਵੀ ਕਰਵਾ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਰਾਜਪੁਰਾ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ। ਜਿਸ ਦੇ ਚਲਦਿਆਂ ਰਾਜਪੁਰਾ ਅਨਾਜ ਮੰਡੀ ’ਚ ਪਨਸਪ, ਪਨਗਰੇਨ, ਵੇਅਰ ਹਾਊਸ ਅਤੇ ਮਾਰਕਫੈਡ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਸਰਕਾਰੀ ਖਰੀਦ ਕੀਤੀ ਜਾ ਰਹੀ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਰਾਜਪੁਰਾ ਦੀ ਅਨਾਜ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਨ ਸਮੇਂ ਖਰੀਦ ਦੇ ਪਹਿਲੇ ਦਿਨ ਪਿੰਡ ਰੰਗੀਆਂ ਦੇ ਕਿਸਾਨ ਸ਼ਰਨਜੀਤ ਸਿੰਘ ਦੀ ਖਰੀਦ ਕੀਤੀ ਕਣਕ ਦੀ ਬਣਦੀ ਪੇਮੈਂਟ ਸਬੰਧਤ ਖਰੀਦ ਏਜੰਸੀ ਵੱਲੋਂ ਉਸਦੇ ਖਾਤੇ ਵਿੱਚ ਪਵਾ ਦਿੱਤੀ। ਉਨ੍ਹਾਂ ਦੱਸਿਆ ਅਨਾਜ ਮੰਡੀ ਵਿੱਚ ਪਨਸਪ ਖਰੀਦੇ ਏਜੰਸੀ ਵੱਲੋਂ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦਸਿਆ ਕਿ ਕਿਸਾਨਾਂ ਦੀ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਕਰਨ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆੜ੍ਹਤੀ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਏਐੱਫਐੱਸਓ ਵਰਿੰਦਰ ਸਿੰਘ ਨੇ ਕਿਹਾ ਕਿ ਅੱਜ ਪਨਗਰੇਨ ਵੱਲੋ ਕਣਕ ਦੀ ਲਿਫਟਿੰਗ ਸ਼ੁਰੂ ਕੀਤੀ ਗਈ ਹੈ ਤੇ ਅੱਗੇ ਤੋਂ ਵੀ ਖਰੀਦ ਕੀਤੀ ਗਈ ਕਣਕ ਦੀ ਪੇਮੈਂਟ ਕਿਸਾਨਾਂ ਦੇ ਖਾਤਿਆਂ ਵਿੱਚ ਸਮੇਂ ਸਿਰ ਪਵਾ ਕੇ ਕਣਕ ਦੇ ਲਿਫਟਿੰਗ ਦਾ ਕੰਮ ਲਗਾਤਾਰ ਜਾਰੀ ਰਹੇਗਾ।