ਆਮ ਆਦਮੀ ਕਲੀਨਿਕਾਂ ’ਚ ਨਹੀਂ ਲੱਗਦੀ ਡਾਗ ਬਾਈਟ ਦੀ ਸੀਰਮ ਦਵਾਈ
ਆਮ ਆਦਮੀ ਕਲੀਨਿਕਾਂ ਵਿੱਚ ਨਹੀਂ ਲੱਗਦੀ ਡਾਗ ਬਾਈਟ ਦੀ ਸੀਰਮ ਦਵਾਈ
Publish Date: Thu, 23 Apr 2026 06:30 PM (IST)
Updated Date: Thu, 23 Apr 2026 06:34 PM (IST)

- ਵੈਕਸੀਨੇਸ਼ਨ ਲਈ ਲੋਕਾਂ ਨੂੰ ਹਸਪਤਾਲ ਭੇਜਿਆ ਜਾ ਰਿਹਾ ਸਟਾ੍ਰ ਰਿਪੋਰਟਰ, •ਪੰਜਾਬੀ ਜਾਗਰਣ,• ਪਟਿਆਲਾ : ਕੁੱਤੇ ਦੇ ਕੱਟਣ ਨਾਲ ਲੱਗਣ ਵਾਲੀ ਵੈਕਸੀਨੇਸ਼ਨ ਨੂੰ ਲੈ ਕੇ ਸਿਹਤ ਵਿਭਾਗ ਦੇ ਦਾਅਵੇ ਕੁਝ ਹੋਰ ਤੇ ਹਕੀਕਤ ਕੁਝ ਹੋਰ ਸਾਹਮਣੇ ਆ ਰਹੀ ਹੈ। ਪਿਛਲੇ ਦਿਨੀਂ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ ਡਾਗ ਬਾਈਟ ਦੀ ਵੈਕਸੀਨੇਸ਼ਨ ਲਗਾਉਣ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੀ ਵੈਕਸੀਨੇਸ਼ਨ ਲਗਵਾਉਣ ਲਈ ਮਰੀਜ਼ਾਂ ਨੂੰ ਮਾਤਾ ਕੌਸ਼ਲਿਆ ਜਾਂ ਫਿਰ ਰਾਜਿੰਦਰਾ ਹਸਪਤਾਲ ਭੇਜਿਆ ਜਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜਦੋਂ ਡਾਗ ਬਾਈਟ ਹੁੰਦੀ ਹੈ ਤਾਂ ਵਿਅਕਤੀ ਜਲਦੀ ਵਿੱਚ ਆਮ ਆਦਮੀ ਕਲੀਨਿਕ ਵਿੱਚ ਪਹੁੰਚਦਾ ਹੈ ਪਰ ਕਲੀਨਿਕ ਦਾ ਸਟਾਫ ਉਸ ਨੂੰ ਹਸਪਤਾਲ ਜਾਣ ਲਈ ਕਹਿ ਦਿੰਦਾ ਹੈ। ਜੇਕਰ ਵਿਅਕਤੀ ਪਹਿਲੀ ਵੈਕਸੀਨੇਸ਼ਨ ਹਸਪਤਾਲ ਵਿੱਚ ਲਗਵਾਉਂਦਾ ਹੈ ਤਾਂ ਬਾਕੀ ਦੀਆਂ ਵੈਕਸੀਨੇਸ਼ਨਾਂ ਵੀ ਉਹ ਹਸਪਤਾਲ ਵਿੱਚ ਹੀ ਲਗਵਾਉਣ ਲਈ ਜਾਵੇਗਾ। ਵੇਖਿਆ ਜਾਵੇ ਤਾਂ ਹਸਪਤਾਲਾਂ ਵਿੱਚ ਹਰ ਮਹੀਨੇ ਤਿੰਨ ਸੌ ਤੋਂ ਵੱਧ ਕੁੱਤੇ ਦੇ ਕੱਟਣ ਦੇ ਕੇਸ ਆ ਰਹੇ ਹਨ। ਇਸ ਸਬੰਧੀ ਗੁਰਮੀਤ ਸਿੰਘ ਨੇ ਆਖਿਆ ਕਿ ਕੁੱਤੇ ਦੇ ਕੱਟਣ ’ਤੇ ਆਮ ਆਦਮੀ ਕਲੀਨਿਕ ਵਿੱਚ ਵੈਕਸੀਨੇਸ਼ਨ ਲਗਵਾਉਣ ਗਿਆ ਤਾਂ ਉੱਥੇ ਤਾਇਨਾਤ ਸਟਾਫ ਨੇ ਇਹ ਕਹਿ ਕੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਕਿ ਇੱਥੇ ਵੈਕਸੀਨੇਸ਼ਨ ਉਪਲਬਧ ਨਹੀਂ ਹੈ। ਉਸ ਤੋਂ ਬਾਅਦ ਰਾਜਿੰਦਰਾ ਵਿੱਚ ਪਹੁੰਚ ਕੇ ਵੈਕਸੀਨੇਸ਼ਨ ਲਗਵਾਉਣੀ ਪਈ। ਹਾਲਾਂਕਿ ਕਿਹਾ ਜਾਂਦਾ ਹੈ ਕਿ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਇਹ ਸਹੂਲਤ ਮਿਲਦੀ ਹੈ। ਇਸ ਸਬੰਧੀ ਮੋਹਨ ਲਾਲ ਦਾ ਕਹਿਣਾ ਹੈ ਕਿ ਜੇ ਆਮ ਆਦਮੀ ਕਲੀਨਿਕ ਵਿੱਚ ਪਹਿਲੀ ਵੈਕਸੀਨੇਸ਼ਨ ਨਹੀਂ ਲਾਈ ਜਾ ਰਹੀ ਤਾਂ ਇਹ ਸਹੂਲਤ ਸ਼ੁਰੂ ਕਰਨ ਦਾ ਕੀ ਫਾਇਦਾ। ਉਨ੍ਹਾਂ ਕਿਹਾ ਕਿ ਸੀਰਮ ਵੀ ਕਲੀਨਿਕ ਵਿੱਚ ਲਗਾਉਣ ਦੀ ਸਹੂਲਤ ਹੋਣੀ ਚਾਹੀਦੀ ਹੈ, ਤਾਂ ਜੋ ਮੌਕੇ ’ਤੇ ਵਿਅਕਤੀ ਨੂੰ ਇੱਧਰ-ਉੱਧਰ ਨਾ ਭਟਕਣਾ ਪਵੇ ਕਿਉਂਕਿ ਜਦੋਂ ਡਾਗ ਬਾਈਟ ਹੁੰਦੀ ਹੈ ਤਾਂ ਇਲਾਜ ਲਈ ਵਿਅਕਤੀ ਤੁਰੰਤ ਨੇੜਲੇ ਕਲੀਨਿਕ ਵੱਲ ਦੌੜਦਾ ਹੈ ਪਰ ਉੱਥੇ ਪਹੁੰਚ ਕੇ ਉਸ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਹਤ ਵਿਭਾਗ ਨੂੰ ਤੁਰੰਤ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਇਸ ਸਬੰਧੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮਿਤ ਸਿੰਘ ਨੇ ਆਖਿਆ ਕਿ ਕੁੱਤੇ ਦੇ ਕੱਟਣ ’ਤੇ ਲੱਗਣ ਵਾਲੀ ਪਹਿਲੀ ਵੈਕਸੀਨੇਸ਼ਨ ਦੇ ਨਾਲ ਸੀਰਮ ਵੀ ਲਾਇਆ ਜਾਂਦਾ ਹੈ। ਇਹ ਸੀਰਮ ਉੱਥੇ ਹੀ ਲਾਇਆ ਜਾਂਦਾ ਹੈ ਜਿੱਥੇ ਵਿਅਕਤੀ ਨੂੰ ਦਾਖ਼ਲ ਕਰਨ ਦੀ ਸਹੂਲਤ ਹੋਵੇ ਅਤੇ ਇਹ ਸੀਰਮ ਜਖ਼ਮ ’ਤੇ ਵੈਕਸੀਨੇਸ਼ਨ ਦੇ ਨਾਲ ਲਾਇਆ ਜਾਂਦਾ ਹੈ ਪਰ ਆਮ ਆਦਮੀ ਕਲੀਨਿਕਾਂ ਵਿੱਚ ਵਿਅਕਤੀ ਨੂੰ ਦਾਖ਼ਲ ਕਰਨ ਦੀ ਸਹੂਲਤ ਨਹੀਂ ਹੈ। ਇਸੇ ਕਾਰਨ ਵਿਅਕਤੀ ਨੂੰ ਪਹਿਲੀ ਵੈਕਸੀਨੇਸ਼ਨ ਲਈ ਰਾਜਿੰਦਰਾ ਹਸਪਤਾਲ ਜਾਂ ਮਾਤਾ ਕੌਸ਼ਲਿਆ ਹਸਪਤਾਲ ਭੇਜਿਆ ਜਾਂਦਾ ਹੈ ਤਾਂ ਜੋ ਸੁਰੱਖਿਅਤ ਢੰਗ ਨਾਲ ਵੈਕਸੀਨੇਸ਼ਨ ਕੀਤੀ ਜਾ ਸਕੇ। ਇਹ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ।