ਅਮਿਤ ਸ਼ਾਹ ਦੀ ਰੈਲੀ ਲਈ ਭਾਜਪਾ ਆਗੂ ਪੱਬਾਂ ਭਾਰ
ਅਮਿਤ ਸ਼ਾਹ ਦੀ ਰੈਲੀ ਲਈ ਭਾਜਪਾ ਆਗੂ ਪੱਬਾਂ ਭਾਰ
Publish Date: Mon, 02 Mar 2026 04:14 PM (IST)
Updated Date: Mon, 02 Mar 2026 04:16 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਸੂਬੇ ਵਿੱਚ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਕੀਤੀ ਜਾ ਰਹੀ ਇਸ ਰੈਲੀ ਨੂੰ ਲੈ ਕੇ ਰਾਜ ਭਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਪੱਬਾਂ ਭਾਰ ਹੋ ਗਏ ਹਨ। ਇਸੇ ਤਹਿਤ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਨਰਾਇਣ ਸਿੰਘ ਨਰਸੋਤ ਵੱਲੋਂ ਪਿੰਡ ਕਕਰਾਲਾ ਭਾਈਕਾ ਵਿਖੇ ਭਾਜਪਾ ਦੇ ਸਰਕਲ ਕੁਲਾਰਾਂ ਦੇ ਪ੍ਰਧਾਨ ਜਗਦੇਵ ਸਿੰਘ ਕਕਰਾਲਾ ਨਾਲ ਪਿੰਡ ਕਕਰਾਲਾ ਵਿਖੇ ਮੀਟਿੰਗ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਨੇ ਕਿਹਾ ਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਅਮਨ ਕਾਨੂੰਨ ਦੀ ਸਥਿਤੀ ਬੇਹੱਦ ਖਰਾਬ ਹੋਣ ਕਰਕੇ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਜਿੱਥੇ ਉੱਠ ਚੁੱਕਿਆ ਹੈ ਉੱਥੇ ਸਰਕਾਰ ਦਮਨ ਦੀ ਨੀਤੀ ਉੱਤੇ ਚੱਲ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਪਹਿਲਾਂ ਹੀ ਲੋਕ ਪਰਖ ਚੁੱਕੇ ਹਨ ਇਸ ਲਈ ਸੂਬੇ ਦੇ ਲੋਕਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਡਬਲ ਇੰਜਨ ਵਾਲੀ ਸਰਕਾਰ ਬਣਾਉਣ ਦਾ ਮਨ ਲੋਕ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਵੱਲੋਂ ਲਗਾਤਾਰ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਮਨਰੇਗਾ ਨੂੰ ਹੋਰ ਪ੍ਰਭਾਵਿਤ ਢੰਗ ਨਾਲ ਲਾਗੂ ਕਰਕੇ ਇਸਦਾ ਦਾਇਰਾ ਵਧਾਇਆ ਜਾ ਰਿਹਾ ਹੈ ਪਰ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਕੂੜ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਦਾਅਵਾ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਹੋਣ ਵਾਲੀ ਮੋਗਾ ਰੈਲੀ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਨੀਂਹ ਪੱਥਰ ਸਾਬਤ ਹੋਵੇਗੀ। ਉਹਨਾਂ ਭਾਜਪਾ ਵਰਕਰਾਂ ਨੂੰ ਰੈਲੀ ਨੂੰ ਸਫਲ ਬਣਾਉਣ ਲਈ ਜੁੱਟ ਜਾਣ ਦੀ ਅਪੀਲ ਕੀਤੀ। ਇਸ ਮੌਕੇ ਕਸ਼ਮੀਰ ਸਿੰਘ, ਜਥੇਦਾਰ ਕਰਤਾਰ ਸਿੰਘ,ਮਨਪ੍ਰੀਤ ਸਿੰਘ, ਵਿਨੋਦ ਗਰਗ, ਜਗਤਾਰ ਸ਼ਰਮਾ, ਗੈਵੀ ਸਿੰਘ ਵੀ ਮੌਜੂਦ ਸਨ।