ਰਾਖਵੀਕਰਨ ਸਬੰਧੀ ਡੀਸੀ ਪਟਿਆਲਾ ਨੂੰ ਲਿਖਿਆ ਪੱਤਰ
ਰਾਖਵੀਂਕਰਨ ਸਬੰਧੀ ਡੀਸੀ ਪਟਿਆਲਾ ਨੂੰ ਲਿਖਿਆ ਪੱਤਰ
Publish Date: Tue, 24 Feb 2026 04:45 PM (IST)
Updated Date: Tue, 24 Feb 2026 04:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਨੌਰ : ਜਨ ਜਨਵਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਕ ਪੱਤਰ ਲਿਖ ਕੇ ਵਿਧਾਨ ਸਭਾ ਹਲਕਾ ਸਨੌਰ ਪੰਚਾਇਤ ਸੰਮਤੀ ਸਨੌਰ ਦੀ ਚੇਅਰਮੈਨੀ ਨੂੰ ਜਨਰਲ ਸ਼੍ਰੇਣੀ ਤੋਂ ਰਾਖਵਾਂ (ਐਸ.ਸੀ./ਬੀ.ਸੀ.) ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪੱਤਰ ਵਿਚ ਲਿਖਿਆ ਕਿ ਪੰਚਾਇਤ ਸੰਮਤੀ ਸਨੌਰ ਦੀ ਚੇਅਰਮੈਨੀ ਪਿਛਲੇ ਕਈ ਕਾਰਜਕਾਲਾਂ ਤੋਂ ਲਗਾਤਾਰ ਜਨਰਲ ਵਰਗ ਲਈ ਰੱਖੀ ਜਾ ਰਹੀ ਹੈ। ਇਸ ਲਗਾਤਾਰ ਪ੍ਰਕਿਰਿਆ ਕਾਰਨ ਐੱਸਸੀ ਤੇ ਬੀਸੀ ਵਰਗਾਂ ਨੂੰ ਆਪਣੇ ਸੰਵਿਧਾਨਕ ਰਾਖਵਾਂ ਹੱਕਾਂ ਤੋਂ ਵਾਂਝਾ ਰਹਿਣਾ ਪਿਆ ਹੈ। ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵਰਗ ਨੂੰ ਯੋਗ ਪ੍ਰਤਿਨਿਧਿਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿ ਚੇਅਰਮੈਨੀ ਨੂੰ ਮੁੜ ਜਨਰਲ ਰੱਖਣਾ ਇਕ ਰਾਜਨੀਤਕ ਤੌਰ ‘ਤੇ ਪ੍ਰਭਾਵਿਤ ਫੈਸਲਾ ਹੈ, ਜਿਸ ਨਾਲ ਗਰੀਬ ਅਤੇ ਪਿੱਛੜੇ ਵਰਗ ਦੇ ਲੋਕਤੰਤਰਿਕ ਹੱਕਾਂ ਨੂੰ ਝਟਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਚੇਅਰਮੈਨੀ ਜਨਰਲ ਵਰਗ ਲਈ ਸੀ। ਇਸ ਵਾਰ ਵੀ ਉਹੀ ਫੈਸਲਾ ਦੁਹਰਾਇਆ ਗਿਆ ਹੈ, ਜੋ ਸਮਾਜਿਕ ਨਿਆਂ ਦੇ ਸਿਧਾਂਤਾਂ ਦੇ ਖਿਲਾਫ ਹੈ। ਇਸ ਨਾਲ ਰਾਖਵਾਂ ਨੀਤੀ ਦੀ ਅਸਲ ਭਾਵਨਾ ਨੂੰ ਨੁਕਸਾਨ ਪਹੁੰਚਦਾ ਹੈ। ਜਨ ਜਨਵਾਦੀ ਪਾਰਟੀ ਵੱਲੋਂ ਨਿਮਰਤਾ ਸਹਿਤ ਮੰਗ ਕੀਤੀ ਕਿ ਪੰਚਾਇਤ ਸੰਮਤੀ ਬਲਾਕ ਸਨੌਰ ਦੀ ਚੇਅਰਮੈਨੀ ਨੂੰ ਤੁਰੰਤ ਪ੍ਰਭਾਵ ਨਾਲ ਰਾਖਵਾਂ (ਐਸ.ਸੀ. ਜਾਂ ਬੀ.ਸੀ.) ਘੋਸ਼ਿਤ ਕੀਤਾ ਜਾਵੇ, ਤਾਂ ਜੋ ਸੰਵਿਧਾਨਕ ਨਿਆਂ ਅਤੇ ਸਮਾਜਿਕ ਸਮਾਨਤਾ ਨੂੰ ਯਕੀਨੀ ਬਣਾਇਆ ਜਾ ਸਕੇ।