ਜਲਦੀ ਹੋਵੇਗਾ ਅਮਰਗੜ੍ਹ ਟ੍ਰੈਫਿਕ ਸਮੱਸਿਆ ਦਾ ਹੱਲ ; ਗੱਜਣਮਾਜਰਾ
ਜਲਦੀ ਹੋਵੇਗਾ ਅਮਰਗੜ੍ਹ ਟ੍ਰੈਫਿਕ ਸਮੱਸਿਆ ਦਾ ਹੱਲ ; ਗੱਜਣਮਾਜਰਾ
Publish Date: Mon, 19 Jan 2026 04:40 PM (IST)
Updated Date: Tue, 20 Jan 2026 04:04 AM (IST)

ਬਾਈਪਾਸ ਲਈ ਜ਼ਮੀਨੀ ਨਿਸ਼ਾਨਦੇਹੀ ਦੀ ਪ੍ਰਕਿਰਿਆ ਸ਼ੁਰੂ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ ਸਥਾਨਕ ਮੇਨ ਬਾਜ਼ਾਰ ਤੰਗ ਹੋਣ ਕਾਰਨ ਨਿੱਤ ਟਰੈਫ਼ਿਕ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਰਾਹਗੀਰਾਂ ਨੂੰ ਹੁਣ ਰਾਹਤ ਮਿਲਣ ਦੀ ਆਸ ਜਾਗੀ ਹੈ, ਕਿਉਂਕਿ ਸ਼ਹਿਰ ਵਾਸੀਆਂ ਦੀ ਬਾਈਪਾਸ ਬਣਾਉਣ ਦੀ ਸਾਲਾਂ ਪੁਰਾਣੀ ਮੰਗ ਹੁਣ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ। ਇਸ ਅਹਿਮ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਦਿੱਲੀ ਤੋਂ ਪੁੱਜੀ ਵਿਸ਼ੇਸ਼ ਸਰਵੇ ਟੀਮ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਜ਼ਮੀਨ ਦੀ ਨਿਸ਼ਾਨਦੇਹੀ ਦਾ ਕੰਮ ਜੰਗੀ ਪੱਧਰ ਤੇ ਅਰੰਭਿਆ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਟੀਮ ਦੀ ਅਗਵਾਈ ਕਰ ਰਹੇ ਕਾਨੂੰਗੋ ਚਮਕੌਰ ਸਿੰਘ ਨੇ ਦੱਸਿਆ ਕਿ ਬਾਈਪਾਸ ਦਾ ਰੂਟ ਤੋਲਾਵਾਲ ਤੋਂ ਸ਼ੁਰੂ ਹੋਵੇਗਾ ਤੇ ਅੱਗੇ ਸ੍ਰੀ ਗੁਰੂ ਅੰਗਦ ਦੇਵ ਸਕੂਲ ਅਤੇ ਬ੍ਰੇਂਨਟਰੀ ਸਕੂਲ ਦੇ ਨੇੜਿਓਂ ਲੰਘਦਾ ਹੋਇਆ ਬਾਗੜੀਆਂ ਬਿਆਸ ਘਰ ਦੇ ਨੇੜੇ ਮਾਲੇਰਕੋਟਲਾ-ਨਾਭਾ ਮੇਨ ਰੋਡ ਤੇ ਜਾ ਚੜ੍ਹੇਗਾ। ਇਸ ਬਾਈਪਾਸ ਦੇ ਮੁਕੰਮਲ ਹੋਣ ਨਾਲ ਹਲਕਾ ਨਿਵਾਸੀਆਂ ਨੂੰ ਨਿਤ ਲੱਗਦੇ ਟਰੈਫਿਕ ਦੇ ਲੰਮੇ ਜਾਮਾਂ ਤੋਂ ਵੱਡੀ ਰਾਹਤ ਮਿਲੇਗੀ। ਮੁੱਖ ਮੰਤਰੀ ਵੱਲੋਂ ਕੀਤਾ ਵਾਅਦਾ ਜਲਦ ਪੂਰਾ ਹੋਣ ਜਾ ਰਿਹੈ : ਵਿਧਾਇਕ ਇਸ ਬਾਈਪਾਸ ਨੂੰ ਲੈ ਕੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਤੋਲੇਵਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਵਾਅਦਾ ਹੁਣ ਜਲਦ ਪੂਰਾ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਸ਼ਾਨਦੇਹੀ ਤੋਂ ਬਾਅਦ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਬਾਈਪਾਸ ਦਾ ਨਿਰਮਾਣ ਮੁਕੰਮਲ ਕੀਤਾ ਜਾਵੇਗਾ। ਇਸ ਨਾਲ ਜਿੱਥੇ ਮਾਲੇਰਕੋਟਲਾ-ਪਟਿਆਲਾ ਮੁੱਖ ਮਾਰਗ ਦੇ ਰਾਹਗੀਰਾਂ ਨੂੰ ਸਹੂਲਤ ਮਿਲੇਗੀ, ਉੱਥੇ ਹੀ ਅਮਰਗੜ੍ਹ ਸ਼ਹਿਰ ਅੰਦਰ ਵਿਕਰਾਲ ਰੂਪ ਧਾਰ ਚੁੱਕੀ ਟਰੈਫ਼ਿਕ ਸਮੱਸਿਆ ਦਾ ਵੀ ਪੱਕਾ ਹੱਲ ਹੋ ਜਾਵੇਗਾ। ਉਨ੍ਹਾਂ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਯੋਜਨਾਬੰਦੀ ਦੀ ਘਾਟ ਕਾਰਨ ਹੀ ਟਰੈਫ਼ਿਕ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਿਆ,ਜਿਸ ਦਾ ਖਮਿਆਜ਼ਾ ਆਮ ਲੋਕ ਹੁਣ ਤੱਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਇਸ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।