ਕਾਇਆ ਕਲਪ ਕੀਤੇ ਹਸਪਤਾਲ ’ਚ ਸਾਰੀਆਂ ਸਹੂਲਤਾਂ 15 ਤੋਂ ਸ਼ੁਰੂ : ਗੋਇਲ
ਕਾਇਆ ਕਲਪ ਕੀਤੇ ਹਸਪਤਾਲ ਵਿਖੇ ਸਾਰੀਆਂ ਸਹੂਲਤਾਂ 15 ਤੋਂ ਸ਼ੁਰੂ: ਗੋਇਲ
Publish Date: Sat, 11 Apr 2026 04:05 PM (IST)
Updated Date: Sun, 12 Apr 2026 04:00 AM (IST)

ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹਣ ਦੇ ਫੈਸਲੇ ਦੀ ਲੜੀ ਤਹਿਤ ਕੀਤਾ ਉਪਰਾਲਾ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਵਿਖੇ ਮੈਡੀਕਲ ਕਾਲਜ ਤੇ ਹਸਪਤਾਲ ਖੋਲ੍ਹਣ ਦੇ ਪੰਜਾਬ ਸਰਕਾਰ ਵੱਲੋਂ ਲਏ ਗਏ ਇਤਿਹਾਸਕ ਫੈਸਲੇ ਦੀ ਲੜੀ ਤਹਿਤ ਲੋਕਾਂ ਨੂੰ ਫੌਰੀ ਤੌਰ ਉੱਤੇ ਮੈਡੀਕਲ ਸਹੂਲਤਾਂ ਦੇਣ ਲਈ ਲਹਿਰਾਗਾਗਾ ਵਿਚਲੇ ਕਮਿਊਨਿਟੀ ਹੈਲਥ ਸੈਂਟਰ, ਜਿਹੜਾ ਕਿ ਪਹਿਲਾਂ ਕਾਫੀ ਖਸਤਾ ਹਾਲ ਵਿੱਚ ਸੀ, ਦੀ ਕਾਇਆ ਕਲਪ ਉਪਰੰਤ, ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੀ ਸਹੂਲਤ ਸਮੇਤ ਓਪੀਡੀ ਅਤੇ ਆਈਪੀਡੀ ਸੇਵਾਵਾਂ 15 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਸ ਨਾਲ ਲਹਿਰਾਗਾਗਾ ਸ਼ਹਿਰ ਸਮੇਤ ਖੇਤਰ ਦੇ ਵੱਡੀ ਗਿਣਤੀ ਪਿੰਡਾਂ ਨੂੰ ਵੀ ਲਾਭ ਹੋਵੇਗਾ। ਸੀਐੱਚਸੀ ਵਿਖੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਮੈਡੀਕਲ ਸੇਵਾਵਾਂ ਜਨਹਿਤ ਟਰੱਸਟ ਦੇ ਯੂਨਿਟ, ਅਚਾਰਿਆ ਵਿਦਿਆਨੰਦ ਜੈਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਵੱਲੋਂ ਨਿਭਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਨ-ਰਾਤ ਇਕ ਕਰ ਕੇ ਕੀਤੇ ਯਤਨਾਂ ਸਦਕਾ ਬੰਦ ਪਏ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਰੂਪ ਵਿਚ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਹੁਣ ਇਥੋਂ ਡਾਕਟਰ ਬਣ ਕੇ ਨਿਕਲਿਆ ਕਰਨਗੇ। ਇਸ ਦੇ ਨਾਲ-ਨਾਲ ਸਭ ਤੋਂ ਅਹਿਮ ਗੱਲ ਇਹ ਹੈ ਕਿ ਪਹਿਲਾਂ ਐਮਰਜੈਂਸੀ ਸੇਵਾਵਾਂ ਦੀ ਘਾਟ ਕਾਰਨ ਕਈ ਵਾਰ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਸੀ ਕਿਉਂਕਿ ਬਿਹਤਰ ਤੇ ਐਮਰਜੈਂਸੀ ਮੈਡੀਕਲ ਸਹੂਲਤਾਂ ਲਈ ਸੰਗਰੂਰ ਜਾਂ ਪਟਿਆਲਾ ਜਾਣਾ ਪੈਂਦਾ ਸੀ। ਸਮੇਂ ਸਿਰ ਉਥੇ ਨਾ ਪੁੱਜਣ ਕਾਰਨ ਲੋਕਾਂ ਦਾ ਜਾਨੀ ਨੁਕਸਾਨ ਹੋ ਜਾਂਦਾ ਸੀ। ਇਹ ਮੈਡੀਕਲ ਕਾਲਜ ਮੂਨਕ ਤੇ ਖਨੌਰੀ ਦੋਵਾਂ ਖੇਤਰਾਂ ਨੂੰ ਕਵਰ ਕਰੇਗਾ ਤੇ ਉੱਥੋਂ ਦੇ ਹਸਪਤਾਲ ਵੀ ਇਸ ਕਾਲਜ ਜ਼ਰੀਏ ਚਲਣਗੇ। ਅਗਲੇ ਸਾਲ ਇਥੇ ਨਰਸਿੰਗ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ ਅਤੇ ਬਹੁਤ ਜਲਦ ਡੈਂਟਲ ਕਾਲਜ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਨਾਲ ਐਮ.ਡੀ. ਅਤੇ ਐਮ.ਐਸ. ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੈਨ ਭਾਈਚਾਰੇ ਵੱਲੋਂ ਸਥਾਪਤ ਕੀਤੇ ਜਾਣ ਵਾਲੇ ਇਸ ਮੈਡੀਕਲ ਕਾਲਜ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਅਤੇ ਸੀਟਾਂ ਦੀ ਵੰਡ ਬਾਰੇ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਦਿਸ਼ਾ- ਨਿਰਦੇਸ਼ਾਂ/ਨੋਟੀਫਿਕੇਸ਼ਨਾਂ ਦੀਆਂ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਹੋਵੇਗੀ।ਸਾਰੀਆਂ ਸ਼੍ਰੇਣੀਆਂ ਦੀਆਂ ਸੀਟਾਂ ਲਈ ਫੀਸ ਢਾਂਚਾ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਲਿਆ ਜਾਵੇਗਾ। ਇਸ ਮੌਕੇ ਜਨਹਿਤ ਟਰੱਸਟ ਦੇ ਚੇਅਰਮੈਨ ਡਾ. ਧਰਮਪਾਲ ਜੈਨ, ਟਰੱਸਟ ਮੈਂਬਰ ਡਾ. ਰਜਨੀਸ਼ ਜੈਨ, ਐੱਸਡੀਐਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ, ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਕੈਬਨਿਟ ਮੰਤਰੀ ਗੋਇਲ ਦੇ ਸਪੁੱਤਰ ਗੌਰਵ ਗੋਇਲ, ਮਾਰਕਿਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ, ਓਐਸਡੀ ਰਕੇਸ਼ ਕੁਮਾਰ ਗੁਪਤਾ, ਟਰੇਡ ਵਿੰਗ ਦੇ ਚੇਅਰਮੈਨ ਪ੍ਰਿੰਸ ਗਰਗ, ਆਪ ਆਗੂ ਅਜੇ ਕੁਮਾਰ ਠੋਲੀ, ਵਿੱਕੀ ਸ਼ਰਮਾਂ,ਸ਼ਾਮ ਲਾਲ ਗੁਪਤਾ ਹਾਜ਼ਰ ਸਨ।