ਐਡਵੈਂਚਰ ਤੇ ਹਾਈਕਿੰਗ ਟ੍ਰੈਕਿੰਗ ਕੈਂਪ ਦੇ ਤਜਰਬੇ ਸਾਂਝੇ ਕੀਤੇ
ਐਡਵੈਂਚਰ ਅਤੇ ਹਾਈਕਿੰਗ ਟ੍ਰੈਕਿੰਗ ਕੈਂਪ ਦੇ ਅਨੁਭਵ ਸਾਂਝੇ ਕੀਤੇ
Publish Date: Thu, 05 Mar 2026 03:56 PM (IST)
Updated Date: Thu, 05 Mar 2026 03:59 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ :
ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਮਿਰਜਾਪੁਰ ਵਿਖੇ ਕਰਵਾਏ ਗਏ ਐਡਵੇਂਚਰ ਅਤੇ ਹਾਈਕਿੰਗ ਟ੍ਰੈਕਿੰਗ ਕੈਂਪ ਵਿੱਚ ਹਿੱਸਾ ਲੈ ਕੇ ਆਏ ਯੂਨੀਵਰਸਲ ਕਾਲਜ ਪਾਤੜਾਂ ਦੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਪੰਜਾਬ ਸਰਕਾਰ ਦੁਆਰਾ ਸ਼ਿਵਾਲਿਕ ਦੇ ਨੀਮ ਪਹਾੜੀ ਇਲਾਕਿਆਂ ਵਿਚ ਪਹਿਲੀ ਵਾਰੀ ਇਸ ਤਰ੍ਹਾਂ ਦੇ ਨੌਜਵਾਨਾਂ ਲਈ ਕੈਂਪ ਲਗਾਏ ਜਾ ਰਹੇ ਹਨ। 5 ਰੋਜ਼ਾ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਲ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕੈਂਪ ਦੌਰਾਨ ਪੰਜਾਬ ਦੇ ਪਹਾੜੀ ਖੇਤਰ ਦਾ ਖਾਸ ਤਜ਼ਰਬਾ ਹਾਸਲ ਕਰਨ ਦੇ ਨਾਲ-ਨਾਲ ਇਥੋਂ ਦੀ ਬਨਸਪਤੀ, ਵਾਤਾਵਰਣ ਅਤੇ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਵਿਸ਼ੇਸ਼ ਸਕੱਤਰ ਸਰਬਜੀਤ ਸਿੰਘ ਆਈਏਐੱਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਹਰਪ੍ਰੀਤ ਸਿੰਘ ਸੂਦਨ ਦੀ ਯੋਗ ਅਗਵਾਈ ਅਤੇ ਦੇਖ-ਰੇਖ ਚ ਨੌਜਵਾਨ ਮੁੰਡੇ-ਕੁੜੀਆਂ ਨੂੰ ਇਕ ਨਿਵੇਕਲਾ ਮੰਚ ਪ੍ਰਦਾਨ ਕਰਵਾਉਂਦੇ ਹੋਏ ਪੰਜਾਬ ਦੇ ਸੈਰ-ਸਪਾਟਾ ਸਥਾਨਾਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਇਕਾਂਤ ਜਗ੍ਹਾ ਉਪਰ ਪੰਜਾਬ ਦੇ ਨੀਮ ਪਹਾੜੀ ਇਲਾਕੇ ਵਿਚ ਪੰਛੀਆਂ ਦੀਆਂ ਮਨਮੋਹਕ ਅਵਾਜ਼ਾਂ ਦਾ ਆਨੰਦ ਮਾਣਦੇ ਹੋਏ 75 ਕਿਲੋ ਮੀਟਰ ਦੀ ਟ੍ਰੈਕਿੰਗ ਕੀਤੀ। ਟ੍ਰੈਕਿੰਗ ਕਰਕੇ ਮਿਰਜਾਪੁਰ ਵਿਖੇ ਜਾ ਕੇ ਐਡਵੈਂਚਰ ਗਤੀਵਿਧੀਆਂ ਦਾ ਲੁਤਫ਼ ਲਿਆ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਕੈਂਪ ਕਮਾਂਡੈਂਟ ਸੰਜੀਵ ਸਿੰਗਲਾ ਅਤੇ ਕੈਂਪ ਇੰਚਾਰਜ ਬਲਜੀਤ ਸਿੰਘ ਅਕਲੀਆ ਦੀ ਪ੍ਰੇਰਨਾ ਸਦਕਾ ਕਿੱਟ ਲੇ ਆਉਟ, ਖੇਡਾਂ, ਸੱਭਿਆਚਾਰਕ ਅਤੇ ਸਮਾਂ ਸਾਰਣੀ ਅਨੁਸਾਰ ਵੱਖ-ਵੱਖ ਗਤੀਵਿਧੀਆਂ ਵਿੱਚ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਜਤਿੰਦਰ ਸਿੰਘ ਗਿੱਲ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਅਜਿਹੇ ਕੈਂਪਾਂ ਦੀ ਪੰਜਾਬ ਦੇ ਵਿਚ ਚੋਣ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਨੌਜਵਾਨਾਂ ਨੂੰ ਇਨ੍ਹਾਂ ਕੈਂਪਾਂ ਦੀ ਸਾਰਥਕਤਾ ਤੋਂ ਜਾਣੂ ਕਰਵਾਇਆ ਗਿਆ। ਕੈਂਪ ਲਗਾ ਕੇ ਆਏ ਵਿਦਿਆਰਥੀਆਂ ਨੂੰ ਯੂਨੀਵਰਸਲ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ, ਵਾਈਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ ਅਤੇ ਸੈਕਟਰੀ ਪਰਮਿੰਦਰ ਸਿੰਘ ਘੱਗਾ, ਕਾਲਜ ਦੇ ਡਾਇਰੈਕਟਰ ਡਾ ਅਮਰੀਸ਼ ਧਵਨ ਅਤੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਵਿੱਚ ਐਂਡਵੈਂਚਰ ਪ੍ਰਤੀ ਨਵਾਂ ਉਤਸ਼ਾਹ ਤੇ ਉਮੰਗ ਪੈਦਾ ਕਰਦੇ ਹਨ।