ਡੇਂਗੂ ਤੇ ਚਿਕਨਗੁਨੀਆ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਕਸੀ ਕਮਰ
ਡੇਂਗੂ ਤੇ ਚਿਕਨਗੁਨੀਆ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਕਸੀ ਕਮਰ
Publish Date: Thu, 23 Apr 2026 03:50 PM (IST)
Updated Date: Fri, 24 Apr 2026 04:01 AM (IST)

ਡੀਸੀ ਵੱਲੋਂ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਸਮੀਖਿਆ ਮੀਟਿੰਗ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਡੇਂਗੂ ਤੇ ਚਿਕਨਗੁਨੀਆ ਦੇ ਕਹਿਰ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣੇ ਤੋਂ ਕਮਰ ਕਸਣੀ ਸ਼ੁਰੂ ਕਰ ਦਿੱਤੀ ਹੈ ਤੇ ਸਿਹਤ ਵਿਭਾਗ ਨੂੰ ਸਖਤ ਹਦਾਇਤਾਂ ਜਾਰੀ ਕਰਕੇ ਇਨ੍ਹਾਂ ਬਿਮਾਰੀਆਂ ਨਾਲ ਤਗੜੇ ਹੋ ਕੇ ਨਜਿੱਠਣ ਦੇ ਆਦੇਸ਼ ਦਿੱਤੇ ਹਨ। ਕਿਉਂਕਿ ਪਿਛਲੇ ਸਾਲ ਡੇਂਗੂ ਤੇ ਚਿਕਨਗੁਨੀਆ ਦੇ ਭੰਨੇ ਲੋਕ ਹਾਲੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਅਜਿਹੇ ਵਿਚ ਪ੍ਰਸ਼ਾਸਨ ਪਹਿਲਾਂ ਹੀ ਇਨ੍ਹਾਂ ਬਿਮਾਰੀਆਂ ਨੂੰ ਲੈ ਕੇ ਚੌਕਸ ਹੁੰਦਾ ਵਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਡੇਂਗੂ ਦੇ ਨਾਲ-ਨਾਲ ਚਿਕਨਗੁਨੀਆ ਵੀ ਤੇਜ਼ੀ ਨਾਲ ਫੈਲਿਆ ਤੇ ਵੱਡੀ ਗਿਣਤੀ ਲੋਕ ਇਸ ਬਿਮਾਰੀ ਨਾਲ ਪੀੜਤ ਹੋਏ। ਚਿਕਨਗੁਨੀਆ ਨਾਲ ਪੀੜਤ ਲੋਕਾਂ ਦੇ ਹਾਲੇ ਤੱਕ ਹੱਡਾਂ ਵਿੱਚੋਂ ਦਰਦ ਨਹੀਂ ਗਿਆ ਤੇ ਲੋਕ ਇਸਨੂੰ ਯਾਦ ਕਰਕੇ ਵੀ ਡਰ ਰਹੇ ਹਨ। ਕਿਉਂਕਿ ਇਹ ਅਜਿਹਾ ਬੁਖਾਰ ਸੀ ਜਿਸਨੂੰ ਲੋਕਾਂ ਨੇ ਲੰਗੜੇ ਬੁਖਾਰ ਦਾ ਨਾਮ ਦਿੱਤਾ। ਚਿਕਨਗੁਨੀਆ ਹੋਣ ’ਤੇ ਲੋਕਾਂ ਨੂੰ ਤੁਰਨਾ ਵੀ ਔਖਾ ਹੋ ਗਿਆ ਸੀ ਅਤੇ ਜਿਨਾਂ ਨੂੰ ਵੀ ਇਹ ਬੁਖਾਰ ਹੋਇਆ ਉਨ੍ਹਾਂ ਦੇ ਹੱਡਾਂ ਵਿੱਚ ਹਾਲੇ ਵੀ ਇਸਦੀ ਰੜਕ ਮਹਿਸੂਸ ਹੁੰਦੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਕਤੂਬਰ ਮਹੀਨੇ ਤੱਕ ਡੇਂਗੂ ਦੇ 62 ਮਾਮਲੇ ਸਾਹਮਣੇ ਆਏ ਸਨ। ਜਦਕਿ ਚਿਕਨਗੁਨੀਆ ਦੇ ਮਰੀਜ਼ਾਂ ਦੀ ਗਿਣਤੀ 106 ਦੱਸੀ ਗਈ। ਪ੍ਰੰਤੂ ਇਹ ਉਹ ਮਾਮਲੇ ਹਨ ਜੋ ਸਰਕਾਰੀ ਹਸਪਤਾਲ ਤੱਕ ਪੁੱਜੇ, ਜਦਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ ਕਾਫੀ ਜਿਆਦਾ ਸੀ। ਦੂਜੇ ਪਾਸੇ, ਡੇਂਗੂ, ਚਿਕਨਗੁਨੀਆ ਅਤੇ ਹੋਰ ਮੱਛਰ-ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਸਿਹਤ ਵਿਭਾਗ ਵੱਲੋਂ ਮੌਜੂਦਾ ਸਥਿਤੀ ਅਤੇ ਭਵਿੱਖ ਲਈ ਤਿਆਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਪਿਛਲੇ ਸਾਲ ਡੇਂਗੂ ਪ੍ਰਭਾਵਿਤ ਇਲਾਕਿਆਂ ਦੀ ਮੁੜ ਜਾਂਚ ਕੀਤੀ ਜਾਵੇ ਅਤੇ ਝੁੱਗੀਆਂ-ਝੋਪੜੀਆਂ, ਕਬਾੜ ਦੀਆਂ ਦੁਕਾਨਾਂ, ਟਾਇਰ ਮਾਰਕੀਟਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਫੋਗਿੰਗ ਅਤੇ ਐਂਟੀ-ਲਾਰਵਾ ਕਾਰਵਾਈ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਮੱਛਰਾਂ ਦੀ ਬਰੀਡਿੰਗ ਵਾਲੀਆਂ ਥਾਵਾਂ ਨੂੰ ਤੁਰੰਤ ਨਸ਼ਟ ਕੀਤਾ ਜਾਵੇ। ਸਿਹਤ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਬੁਖਾਰ ਦੇ ਮਾਮਲਿਆਂ ਦੀ ਸਮੇਂ-ਸਿਰ ਪਛਾਣ, ਟੈਸਟਿੰਗ ਅਤੇ ਇਲਾਜ ਯਕੀਨੀ ਬਣਾਇਆ ਜਾਵੇ ਅਤੇ ਲੋੜੀਂਦੀਆਂ ਦਵਾਈਆਂ ਅਤੇ ਟੈਸਟਿੰਗ ਸੁਵਿਧਾਵਾਂ ਦੀ ਉਪਲਬਧਤਾ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ। ਨਾਲ ਹੀ ਭੱਠਿਆਂ, ਫੈਕਟਰੀਆਂ ਅਤੇ ਉਸਾਰੀ ਸਥਾਨਾਂ ‘ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੀ ਨਿਯਮਿਤ ਮੈਡੀਕਲ ਜਾਂਚ ਕਰਨ ਲਈ ਵੀ ਕਿਹਾ ਗਿਆ। ਉਨ੍ਹਾਂ ਕਿਹਾ ਕਿ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਇਹ ਮੱਛਰਾਂ ਦੀ ਪੈਦਾਵਾਰ ਦਾ ਮੁੱਖ ਕਾਰਨ ਹੈ। ਸਥਾਨਕ ਸਰਕਾਰਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਫ਼ਾਈ ਮੁਹਿੰਮਾਂ ਨੂੰ ਹੋਰ ਤੇਜ਼ ਕਰਨ ਅਤੇ ਨਿਕਾਸੀ ਪ੍ਰਣਾਲੀ ਸੁਚਾਰੂ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਜਲ ਸਪਲਾਈ ਵਿਭਾਗ ਨੂੰ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਨਿਰੰਤਰ ਜਾਂਚ ਯਕੀਨੀ ਬਣਾਉਣ ਲਈ ਕਿਹਾ, ਜਦਕਿ ਸਿੱਖਿਆ ਵਿਭਾਗ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਸਿਹਤ ਵਿਭਾਗ ਨੂੰ ਲਗਾਤਾਰ ਫੋਗਿੰਗ, ਸਰਵੇਲੈਂਸ ਅਤੇ ਜਾਗਰੂਕਤਾ ਅਭਿਆਨ ਜਾਰੀ ਰੱਖਣ ਲਈ ਕਿਹਾ ਗਿਆ।