ਏਡੀਸੀ ਵੱਲੋਂ ਪਟਿਆਲਾ ’ਚ ਐਲਪੀਜੀ ਸਪਲਾਈ ਦਾ ਜਾਇਜ਼ਾ
ਏ.ਡੀ.ਸੀ. ਵੱਲੋਂ ਪਟਿਆਲਾ ਵਿੱਚ ਐਲਪੀਜੀ ਸਪਲਾਈ ਦਾ ਜਾਇਜ਼ਾ
Publish Date: Thu, 19 Mar 2026 05:31 PM (IST)
Updated Date: Thu, 19 Mar 2026 05:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਏਡੀਸੀ (ਜੀ) ਸਿਮਰਪ੍ਰੀਤ ਕੌਰ ਨੇ ਜ਼ਿਲ੍ਹਾ ਪਟਿਆਲਾ ਵਿਚ ਘਰੇਲੂ ਅਤੇ ਵਪਾਰਕ ਐਲਪੀਜੀ ਸਪਲਾਈ ਦਾ ਨਿਰੀਖਣ ਕੀਤਾ। ਹਸਪਤਾਲਾਂ, ਸਕੂਲਾਂ ਤੇ ਹੋਰ ਸਿੱਖਿਆ ਸੰਸਥਾਵਾਂ ਵਿੱਚ ਗੈਸ ਦੀ ਉਪਲਬਧਤਾ ਦਾ ਜਾਇਜ਼ਾ ਲੈਂਦੇ ਹੋਏ, ਏਡੀਸੀ ਨੇ ਸਿਹਤ ਤੇ ਸਿੱਖਿਆ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਵੱਡੇ ਹਸਪਤਾਲਾਂ ਤੇ ਉਹ ਸਕੂਲ ਜਿੱਥੇ ਗੈਸ ਦੀ ਖਪਤ ਵੱਧ ਹੈ, ਦੀ ਸੂਚੀ ਤਿਆਰ ਕੀਤੀ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੀਆਂ ਸੰਸਥਾਵਾਂ ਨੂੰ ਪਾਈਪਡ ਨੈਚਰਲ ਗੈਸ (ਪੀਐਨਜੀ) ਕੁਨੈਕਸ਼ਨ ਲੈਣ ਲਈ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਗੈਸ ਦੀ ਸਪਲਾਈ ਹੋਰ ਸੁਚਾਰੂ ਅਤੇ ਨਿਰੰਤਰ ਬਣੀ ਰਹੇ। ਸਿਮਰਪ੍ਰੀਤ ਕੌਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿਚ ਘਰੇਲੂ ਐਲਪੀਜੀ ਦੀ ਕੋਈ ਘਾਟ ਨਹੀਂ ਹੈ ਅਤੇ ਉਨ੍ਹਾਂ ਨੇ ਨਾਲ ਹੀ ਖਪਤਕਾਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਘਬਰਾਹਟ ਵਿੱਚ ਆਕੇ ਵਾਧੂ ਬੁਕਿੰਗ ਨਾ ਕਰਨ, ਕਿਉਂਕਿ ਇਸ ਨਾਲ ਸਪਲਾਈ ਪ੍ਰਣਾਲੀ ‘ਤੇ ਬੇਲੋੜਾ ਦਬਾਅ ਪੈਂਦਾ ਹੈ। ਸਹਾਇਕ ਸਿਵਲ ਸਰਜਨ ਡਾ. ਰਚਨਾ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਹਸਪਤਾਲ ਵੱਲੋਂ ਐਲਪੀਜੀ ਸਪਲਾਈ ਸਬੰਧੀ ਕੋਈ ਸਮੱਸਿਆ ਸਾਹਮਣੇ ਨਹੀਂ ਆਈ। ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼ਾਲੂ ਮਹਿਰਾ ਨੇ ਵੀ ਦੱਸਿਆ ਕਿ ਕਿਸੇ ਵੀ ਸਕੂਲ ਵੱਲੋਂ ਐਲਪੀਜੀ ਦੀ ਘਾਟ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਗੈਸ ਏਜੰਸੀਆਂ ਨੂੰ ਖਪਤਕਾਰਾਂ ਨੂੰ ਈ-ਕੇਵਾਈਸੀ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਤੇਲ ਕੰਪਨੀਆਂ ਦੇ ਪ੍ਰਤਿਨਿਧੀਆਂ ਨਾਭਾ ਐਲਪੀਜੀ ਬੋਟਲਿੰਗ ਪਲਾਂਟ (ਆਈਓਸੀਐਲ) ਦੇ ਡੀਜੀਐਮ ਕਮਲ ਮਹੇਸ਼ਵਰੀ ਅਤੇ, ਬੀਪੀਸੀਐਲ ਦੇ ਸੇਲਜ਼ ਮੈਨੇਜਰ ਰਾਘਵ ਗੁਪਤਾ ਨੇ ਦੱਸਿਆ ਕਿ ਘਰੇਲੂ ਐਲਪੀਜੀ ਸਪਲਾਈ ਵਿਚ ਕੋਈ ਰੁਕਾਵਟ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਵਿਚ ਸਪਲਾਈ ਜਨਵਰੀ ਅਤੇ ਫਰਵਰੀ ਦੇ ਬਰਾਬਰ ਹੀ ਆ ਰਹੀ ਹੈ, ਪਰ ਘਰੇਲੂ ਸਿਲੰਡਰਾਂ ਦੀ ਬੁਕਿੰਗ ਲਗਭਗ ਤਿੰਨ ਗੁਣਾ ਵੱਧ ਗਈ ਹੈ, ਜਿਸ ਕਾਰਨ ਸਿਸਟਮ ਉਤੇ ਦਬਾਅ ਵਧਿਆ ਹੈ। ਡੀਐਸਪੀ ਨੇਹਾ ਅਗਰਵਾਲ ਨੇ ਪੁਲਿਸ ਵਿਭਾਗ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਗੈਸ ਏਜੰਸੀਆਂ ਤੇ ਪੈਟਰੋਲਿਅਮ ਕੰਪਨੀਆਂ ਦੇ ਪ੍ਰਤਿਨਿਧੀ ਮੌਜੂਦ ਸਨ।