ਗੁੰਡਾਗਰਦੀ ਦਾ ਨੰਗਾ ਨਾਚ ਨੌਜਵਾਨ ਦੇ ਖੂ਼ਨ ਨਾਲ ਸੜਕ ਹੋਈ ਲਾਲ
ਗੁੰਡਾਗਰਦੀ ਦਾ ਨੰਗਾ ਨਾਚ ਨੌਜਵਾਨ ਦੀ ਕੁੱਟਮਾਰ ਕਰਕੇ ਕੀਤਾ ਜ਼ਖਮੀ
Publish Date: Tue, 03 Mar 2026 06:19 PM (IST)
Updated Date: Wed, 04 Mar 2026 04:06 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਦਿੜ੍ਹਬਾ ਸ਼ਹਿਰ ਅੰਦਰ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਸਾਹਮਣੇ ਆਇਆ ਜਦੋਂ ਕੌਮੀ ਮਾਰਗ ’ਤੇ ਸ਼ਰੇਆਮ ਦਿਨ ਦਿਹਾੜੇ ਇਕ ਨੌਜਵਾਨ ਨੂੰ ਤੇਜ਼ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀਂ ਕਰ ਦਿੱਤਾ। ਰਾਸ਼ਟਰੀ ਰਾਜ ਮਾਰਗ ’ਤੇ ਸਵੇਰੇ ਹੀ ਨੌਜਵਾਨ ’ਤੇ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ’ਤੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਨੌਜਵਾਨ ਸੜਕ ’ਤੇ ਤੜਫਦਾ ਰਿਹਾ। ਪ੍ਰਾਪਤ ਵੇਰਵਿਆਂ ਅਨੁਸਾਰ ਸੁੱਖਦਰਸ਼ਨ ਸਿੰਘ ਉਰਫ ਨੋਨੀ ਸਿੱਧੂ ਵਾਸੀ ਤੂਰਬੰਜਾਰਾ ਸਵੇਰੇ ਮੋਟਰਸਾਈਕਲ ’ਤੇ ਦਿੜ੍ਹਬਾ ਆ ਰਿਹਾ ਸੀ। ਜਨਾਲ ਰੋਡ ਦੇ ਸਾਹਮਣੇ ਰਾਸ਼ਟਰੀ ਮਾਰਗ ’ਤੇ ਕੁੱਝ ਲੋਕਾਂ ਨੇ ਦਾਤਰ ਜੜੀਆਂ ਡਾਂਗਾਂ ਤੇ ਤੇਜ਼ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੀਆਂ ਲੱਤਾਂ ’ਤੇ ਗੰਭੀਰ ਸੱਟਾਂ ਲੱਗਣ ਨਾਲ ਖੂਨ ਬਹੁਤ ਨਿਕਲ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਘਟਨਾ ਸਥਾਨ ’ਤੇ ਪੁੱਜੀ ਤੇ ਸੁਖਦਰਸ਼ਨ ਸਿੰਘ ਨੋਨੀ ਸਿੱਧੂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਸੰਗਰੂਰ ਲਿਜਾਇਆ ਗਿਆ। ਉਸ ਤੋਂ ਬਾਅਦ ਹਾਲਤ ਗੰਭੀਰ ਹੋਣ ਕਰ ਕੇ ਨੌਜਵਾਨ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਹਮਲਾਵਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। ਥਾਣਾ ਦਿੜ੍ਹਬਾ ਮੁੱਖ ਅਫਸਰ ਕਮਲਦੀਪ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਪੁਲਿਸ ਮਾਮਲਾ ਦਰਜ ਕਰ ਰਹੀ ਹੈ।