ਮਾਘੀ ਦੀ ਸੰਗਰਾਂਦ ਮੌਕੇ ਵੱਡੀ ਗਿਣਤੀ ਸੰਗਤਾਂ ਗੁਰੂਘਰ ਪੁੱਜੀਆਂ
ਮਾਘੀ ਦੀ ਸੰਗਰਾਂਦ ਮੌਕੇ ਵੱਡੀ ਗਿਣਤੀ ਸੰਗਤਾਂ ਗੁਰੂਘਰ ਪੁੱਜੀਆਂ
Publish Date: Wed, 14 Jan 2026 03:24 PM (IST)
Updated Date: Thu, 15 Jan 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਬੁੱਧਵਾਰ ਨੂੰ ਮਾਘੀ ਦੀ ਸੰਗਰਾਂਦ ਮੌਕੇ ਵੱਡੀ ਗਿਣਤੀ ਗੁਰੂਘਰ ਪੁੱਜੀਆਂ। ਇਸ ਦੌਰਾਨ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਮਗਰੋ ਸ੍ਰੀਗੁਰੂ ਗ੍ਰੰਥ ਸਾਹਿਬ ਅੱਗੇ ਸੰਗਤਾਂ ਨਤਮਸਤਕ ਹੋਈਆਂ। ਸ਼ਹਿਰ ਦੇ ਨੇੜ੍ਹਲੇ ਗੁਰੂਘਰ ਨਾਨਕਿਆਣਾ ਸਾਹਿਬ ਅਤੇ ਮਸਤੂਆਣਾ ਸਾਹਿਬ ਵਿੱਚ ਸਵੇਰ ਤੋ ਹੀ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਮਸਤੂਆਣਾ ਸਾਹਿਬ ਵਿੱਚ ਮੇਲੇ ਜਿਹਾ ਮਹੌਲ ਬਣਿਆ ਵਿਖਾਈ ਦਿੱਤਾ। ਇਸਤੋ ਇਲਾਵਾ ਹੋਰਨਾਂ ਧਾਰਮਿਕ ਸਥਾਨਾਂ ਤੇ ਵੀ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਘੀ ਦੇ ਮੱਦੇਨਜ਼ਰ ਲੋਕਾਂ ਵੱਲੋ ਲੰਗਰ ਲਾਏ ਗਏ। ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਮੰਗਲਵਾਰ ਸਵੇਰੇ ਤਿੰਨ ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਪਾਲਕੀ ਸਾਹਿਬ ਨੂੰ ਸੁੰਦਰ ਰੁਮਾਲਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ। ਸ਼ਹੀਦਾਂ ਅਤੇ ਚਾਲੀ ਮੁਕਤਿਆਂ ਦੇ ਨਮਿਤ ਅਰਦਾਸ ਤੋ ਬਾਅਦ ਹੁਕਮਨਾਮਾ ਜਾਰੀ ਹੋਇਆ। ਇਸ ਦੌਰਾਨ ਦਰਬਾਰ ਸਾਹਿਬ ਦੇ ਰਾਗੀ ਜਥਿਆਂ ਵੱਲੋ ਚਾਲੀ ਸ਼ਹੀਦ ਸਿੱਖਾਂ ਦੀ ਗਾਥਾ ਨੂੰ ਬਿਆਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂਘਰ ਦੇ ਬਾਹਰ ਸਾਜੋ ਸਮਾਨ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ, ਜਿੱਥੇ ਔਰਤਾਂ ਅਤੇ ਬੱਚਿਆਂ ਵੱਲੋ ਖਰੀਦਦਾਰੀ ਕੀਤੀ ਗਈ। ਇਸਤੋ ਇਲਾਵਾ ਸ਼ਹਿਰ ਦੇ ਗੁਰੂਘਰ ਗੁਰਦੁਆਰਾ ਮਹਿਲ ਮੁਬਾਰਕ, ਗੁਰਦੁਆਰਾ ਨਾਨਕਪੁਰਾ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਹਰਗੋਬਿੰਦ ਸਾਹਿਬ, ਤਪ ਅਸਥਾਨ ਨਗਨ ਬਾਬਾ ਸਾਹਿਬ ਦਾਸ ਤੋ ਇਲਾਵਾ ਹੋਰਨਾਂ ਧਾਰਮਿਕ ਥਾਵਾਂ ਤੇ ਵੱਡੀ ਗਿਣਤੀ ਸੰਗਤਾਂ ਨੇ ਮੱਥਾ ਟੇਕਿਆ।