ਧੂਰੀ ਹਲਕੇ ’ਚ ਨਸ਼ਿਆਂ ਖ਼ਿਲਾਫ਼ ਕੱਢੀ ਪੈਦਲ ਯਾਤਰਾ
ਧੂਰੀ ਹਲਕੇ ’ਚ ਨਸ਼ਿਆਂ ਖ਼ਿਲਾਫ਼ ਕੱਢੀ ਪੈਦਲ ਯਾਤਰਾ
Publish Date: Sat, 10 Jan 2026 05:25 PM (IST)
Updated Date: Sun, 11 Jan 2026 04:04 AM (IST)

ਨਸ਼ਿਆਂ ਖ਼ਿਲਾਫ਼ ਆਪਣੇ ਪਿੰਡਾਂ ਦੇ ਪਹਿਰੇਦਾਰ ਬਣਨ ਦਾ ਅਹਿਦ ਲਿਆ ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਸ਼ਨਿੱਚਰਵਾਰ ਨੂੰ ਧੂਰੀ ਹਲਕੇ ਵਿਚ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨ ਦੇ ਮਕਸਦ ਨਾਲ ਕੱਢੀ ਗਈ ਪੈਦਲ ਯਾਤਰਾ ਨਾਲ ਹੋਈ। ਇਸ ਪੈਦਲ ਯਾਤਰਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਉਣਾ, ਪਿੰਡ ਪੱਧਰ ’ਤੇ ਜਾਗਰੂਕਤਾ ਫੈਲਾਉਣਾ ਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨੀ ਹੈ। ਧੂਰੀ ਹਲਕੇ ਦੇ ਪਿੰਡ ਬਨਭੌਰੀ, ਬਰੜਵਾਲ, ਬੱਬਨਪੁਰ, ਹਸਨਪੁਰ ਅਤੇ ਬੁਰਜ ਸੇਢਾ ਵਿਚ ਕੱਢੀ ਗਈ ਇਸ ਪੈਦਲ ਯਾਤਰਾ ਦੌਰਾਨ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਭਾਗ ਲਿਆ ਤੇ ਨਸ਼ਿਆਂ ਦੇ ਖ਼ਿਲਾਫ਼ ਡਟ ਕੇ ਖੜ੍ਹਨ ਦਾ ਅਹਿਦ ਲਿਆ। ਪਿੰਡ ਵਾਸੀਆਂ ਨੇ ਇਹ ਅਹਿਦ ਕੀਤਾ ਕਿ ਉਹ ਆਪਣੇ ਪਿੰਡਾਂ ਵਿਚ ਨਸ਼ਿਆਂ ਦੀ ਰੋਕਥਾਮ ਲਈ ਸਚੇਤ ਪਹਿਰੇਦਾਰ ਬਣ ਕੇ ਨਸ਼ਾ ਤਸਕਰੀ ਤੇ ਨਸ਼ਾ ਸੇਵਨ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਉਣਗੇ। ਇਸ ਮੌਕੇ ਬੀਡੀਪੀਓ ਧੂਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ ਸਮਾਜਕ ਭਾਗੀਦਾਰੀ ਨੂੰ ਵੀ ਬਰਾਬਰ ਮਹੱਤਵ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਤੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਦੀ ਅਗਵਾਈ ਹੇਠ ਇਹ ਪੈਦਲ ਯਾਤਰਾ ਅਗਲੇ 15 ਦਿਨਾਂ ਦੌਰਾਨ ਧੂਰੀ ਹਲਕੇ ਦੇ ਹਰੇਕ ਪਿੰਡ ਵਿਚ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਦੀ ਸਮਾਜਕ ਬੁਰਾਈ ਖ਼ਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦੇਵੇਗੀ। ਇਸ ਮੌਕੇ ਦੀਪਕ ਸੇਠੀ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਧਰਮਵੀਰ ਸਿੰਘ, ਸਿਧਾਸ਼ੂ ਜੈਨ, ਸੰਜੀਵ ਕੁਮਾਰ, ਦੌਲਤ ਰਾਮ, ਕਮਲਪ੍ਰੀਤ ਕੌਰ, ਕਰਮਜੀਤ ਸਿੰਘ, ਬਲਜੀਤ ਸਿੰਘ ਨੱਤ, ਬਲਜੀਤ ਸਿੰਘ, ਗੀਤਾ ਰਾਣੀ, ਨਰੇਸ਼ ਗਰਗ ਮੌਜੂਦ ਸਨ।