ਮੇਲੇ ਦੇ ਦੂਜੇ ਦਿਨ ਮਸਤੂਆਣਾ ਸਾਹਿਬ ਆਇਆ ਸੰਗਤ ਦਾ ਸੈਲਾਬ
ਮੇਲੇ ਦੇ ਦੂਜੇ ਦਿਨ ਮਸਤੂੁਆਣਾ ਸਾਹਿਬ ਆਇਆ ਸੰਗਤਾਂ ਦਾ ਸੈਲਾਬ
Publish Date: Sat, 31 Jan 2026 05:21 PM (IST)
Updated Date: Sun, 01 Feb 2026 04:08 AM (IST)

ਢਾਡੀ ਜੱਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸੰਤ ਬਾਬਾ ਅਤਰ ਸਿੰਘ ਜੀ ਮਸਤੁਆਨਾ ਸਾਹਿਬ ਵਾਲਿਆਂ ਦੀ 99ਵੀਂ ਬਰਸੀ ਮੌਕੇ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਚੱਲ ਰਹੇ ਤਿੰਨ ਰੋਜਾ ਜੋੜ ਮੇਲੇ ਦੇ ਦੂਜੇ ਦਿਨ ਮੱਥਾ ਟੇਕਣ ਵਾਲੀਆਂ ਸੰਗਤਾਂ ਦਾ ਸੈਲਾਬ ਆ ਗਿਆ। ਹਾਲਾਂਕਿ, ਤੜਕਸਾਰ ਸੰਗਤਾਂ ਦੀ ਗਿਣਤੀ ਘੱਟ ਸੀ, ਪ੍ਰੰਤੂ ਜਿਵੇਂ-ਜਿਵੇਂ ਦਿਨ ਚੜਦਾ ਗਿਆ, ਸੰਗਤਾਂ ਦੀ ਤਦਾਦ ਵਧਦੀ ਗਈ। ਦੁਪਹਿਰ ਵੇਲੇ ਸੰਗਤਾਂ ਨੂੰ ਮੱਥਾ ਟੇਕਣ ਲਈ ਕਰੀਬ ਇੱਕ ਘੰਟੇ ਤੱਕ ਦਾ ਸਮਾਂ ਲੱਗਿਆ। ਮੇਲੇ ਵਿੱਚ ਲੱਗੀਆਂ ਖਿਡੌਣਿਆਂ ਅਤੇ ਹੋਰ ਸਮਾਨ ਦੀਆਂ ਸਟਾਲਾਂ ਤੇ ਬੱਚਿਆਂ ਅਤੇ ਔਰਤਾਂ ਨੇ ਖਰੀਦਦਾਰੀ ਕੀਤੀ। ਅੱਜ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਦੇ ਪ੍ਰਬੰਧਕ ਭੁਪਿੰਦਰ ਸਿੰਘ, ਬਲਜੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ ਦੋ ਵਜੇ ਗੁਰਦੁਆਰਾ ਅੰਗੀਠਾ ਸਾਹਿਬ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਸਿੱਖ ਪੰਥ ਦੇ ਕੀਰਤਨੀ ਤੇ ਢਾਡੀ ਜੱਥੇ ਗੁਰਬਾਣੀ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ। ਸੰਗਤ ਦੀ ਸੁਵਿਧਾ ਲਈ ਲੰਗਰ, ਦਵਾਈਆਂ, ਪਾਰਕਿੰਗ ਤੇ ਆਰਾਮ ਘਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਤਕਰੀਬਨ ਚਾਲੀ ਹਜ਼ਾਰ ਦੇ ਕਰੀਬ ਸੰਗਤ ਨਤਮਸਤਕ ਹੋ ਰਹੀ ਹੈ। ਇਸ ਸਾਲ ਦੁਕਾਨਾਂ ਬਾਹਰ ਕੀਤੀਆਂ ਸ਼ਿਫ਼ਟ ਧਾਰਮਿਕ ਸਮਾਗਮ ਤੇ ਨਗਰ ਕੀਰਤਨ ਦੇ ਮੱਦੇਨਜ਼ਰ ਸੰਗਰੂਰ ਤੋਂ ਮਸਤੁਆਣਾ ਸਾਹਿਬ ਨੈਸ਼ਨਲ ਹਾਈਵੇ ਤਕ ਟ੍ਰੈਫ਼ਿਕ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ। ਹੁੱਲੜਬਾਜ਼ੀ, ਝਗੜੇ ਤੇ ਗੁਰੂ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ਫ਼ੈਸਲਾ ਲਿਆ ਗਿਆ ਹੈ ਕਿ ਅੰਦਰ ਸਿਰਫ਼ ਸ਼ਸਤਰ, ਧਾਰਮਿਕ ਲਿਟਰੇਚਰ, ਧਾਰਮਿਕ ਫੋਟੋਆਂ, ਰੁਮਾਲਾ ਸਾਹਿਬ ਆਦਿ ਨਾਲ ਸੰਬੰਧਿਤ ਦੁਕਾਨਾਂ ਹੀ ਲੱਗਣਗੀਆਂ। ਜਦਕਿ ਬਾਕੀ ਦੁਕਾਨਾਂ ਨੂੰ ਬਾਹਰ ਸ਼ਿਫਟ ਕਰ ਦਿੱਤਾ ਗਿਆ ਹੈ। ਖੇਤੀ ਸੰਬੰਧੀ ਪ੍ਰਦਰਸ਼ਨੀਆਂ ਚ ਕਿਸਾਨਾਂ ਕੀਤੀ ਖਰੀਦਦਾਰੀ ਮਸਤੂਆਣਾ ਸਾਹਿਬ ਦੇ ਖੇਡ ਮੈਦਾਨ ਵਿਚ ਖੇਤੀਬਾੜੀ ਵਿਭਾਗ, ਪਸ਼ੂ ਪਾਲਣ ਵਿਭਾਗ, ਖੇਤੀਬਾੜੀ ਉਪਕਰਨ, ਮਸ਼ੀਨਰੀ, ਸਬਜ਼ੀਆਂ ਦੀ ਪਨੀਰੀ ਤੇ ਫਲਦਾਰ ਪੌਦਿਆਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਗਈਆਂ। ਇਸ ਤੋਂ ਇਲਾਵਾ ਨਵੇਂ ਟਰੈਕਟਰ, ਕੰਬਾਈਨ, ਟ੍ਰਾਲੀਆਂ, ਜਨਰੇਟਰ, ਰੋਟਾਵੇਟਰ ਅਤੇ ਹੈਪੀ ਸੀਡਰ ਦੀਆਂ ਸਟਾਲਾਂ ਵੀ ਲੱਗੀਆਂ ਹਨ। ਖੇਡ ਮੈਦਾਨ ਦੇ ਵਿਚਕਾਰ ਪਿਆਜ਼, ਲਸਣ, ਸਰੋ, ਮਟਰ, ਗੋਭੀ, ਕਪਾਹ, ਗੰਨਾ ਆਦਿ ਫਸਲਾਂ ਦੇ ਬੀਜ ਕਿੱਟ ਤੇ ਪੌਦਿਆਂ ਦੀ ਪਨੀਰੀ ਦੀਆਂ ਸਟਾਲਾਂ ਲੱਗੀਆਂ। ਇਸ ਦੌਰਾਨ ਕਿਸਾਨਾਂ ਵੱਲੋਂ ਬੀਜ ਤੇ ਪੌਦੇ ਖਰੀਦੇ ਗਏ। ਵੱਖ-ਵੱਖ ਕਿਸਮਾਂ ਦੇ ਲੱਗੇ ਲੰਗਰ ਜੋੜ ਮੇਲੇ ਦੇ ਦੂਜੇ ਦਿਨ ਵੀ ਸੱਤ ਕਿਲੋਮੀਟਰ ਦੇ ਖੇਤਰ ’ਚ ਵੱਖ-ਵੱਖ ਕਿਸਮਾਂ ਦੇ ਲੰਗਰ ਲੱਗੇ ਹਨ। ਵਿਸ਼ੇਸ਼ ਤੌਰ ’ਤੇ ਸੰਗਰੂਰ ਦੀ ਪੁਲਿਸ ਲਾਈਨ, ਗੌਸ਼ਾਲਾ, ਓਵਰ ਬ੍ਰਿਜ਼ ਬਡਰੁੱਖਾਂ ਸਮੇਤ ਪਿੰਡ ਬਹਾਦਰਪੁਰ, ਭੰਮਾਬੱਦੀ, ਕਾਂਝਲਾ, ਲਿੱਦੜਾ, ਚੰਗਾਲ, ਪੇਧਨੀ, ਪੁੰਨਾਵਾਲ, ਹਰੇੜੀ, ਤੁੰਗਾਂ, ਉਪਲੀ, ਚੱਠੇ, ਲਖਮੀਰਵਾਲਾ, ਢਢੋਗਲ, ਬਾਲੀਆਂ, ਭੈਣੀ ਅਤੇ ਉਭਾਵਾਲ ਸ਼ਾਮਲ ਹਨ।