ਇੱਕੋ ਪਿੰਡ ਦੇ ਮੁੰਡੇ-ਕੁੜੀ ਨੇ ਕਰਵਾਇਆ ਵਿਆਹ, ਲੋਕਾਂ ਕੀਤਾ ਬਾਈਕਾਟ
ਇੱਕੋ ਪਿੰਡ ਦੇ ਮੁੰਡੇ-ਕੁੜੀ ਨੇ ਕਰਵਾਇਆ ਵਿਆਹ, ਲੋਕਾਂ ਕੀਤਾ ਬਾਈਕਾਟ
Publish Date: Mon, 02 Feb 2026 06:03 PM (IST)
Updated Date: Tue, 03 Feb 2026 04:08 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਨੇੜ੍ਹਲੇ ਪਿੰਡ ਰੋਗਲਾ ਦੇ ਮੁੰਡੇ ਤੇ ਕੁੜੀ ਨੇ ਵਿਆਹ ਕਰਵਾਉਣ ਤੋਂ ਖਫਾ ਹੋਏ ਪਿੰਡ ਵਾਸੀਆਂ ਤੇ ਪੰਚਾਇਤ ਨੇ ਦੋਵਾਂ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰ ਦਿੱਤਾ। ਪਿੰਡ ਵਾਲਿਆਂ ਦੀ ਸਹਿਮਤੀ ਉੱਤੇ ਪੰਚਾਇਤ ਨੇ ਮਤਾ ਪਾਸ ਕਰ ਕੇ ਦੋਵਾਂ ਨੂੰ ਪਿੰਡੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਪਿੰਡ ਦੀ ਸਰਪੰਚ ਦੇ ਪਤੀ ਗੁਰਪ੍ਰੀਤ ਸਿੰਘ ਉਰਫ ਗੁਰੀ ਤੇ ਹੋਰ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਪਿੰਡ ਰੋਗਲਾ ਦੇ ਮੁੰਡੇ ਨੇ ਆਪਣੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਇਆ ਹੈ। ਸਾਰਾ ਪਿੰਡ ਇਕੱਠਾ ਹੋ ਗਿਆ ਤੇ ਮੁੰਡੇ ਕੁੜੀ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਲਈ ਪੰਚਾਇਤ ਨੇ ਮਤਾ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਰੋਗਲਾ ਦੇ ਨੌਜਵਾਨ ਵੱਲੋਂ ਆਪਣੇ ਹੀ ਪਿੰਡ ਦੀ ਕੁੜੀ ਦੇ ਨਾਲ ਕੁੱਝ ਮਹੀਨੇ ਪਹਿਲਾਂ ਵਿਆਹ ਕਰਵਾ ਲਿਆ। ਇਸ ਨੂੰ ਲੈ ਕੇ ਜਿੱਥੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਤਰਾਜ ਜਾਹਿਰ ਕੀਤਾ ਉੱਥੇ ਹੀ ਪਿੰਡ ਵਾਸੀਆਂ ਨੇ ਵੀ ਇਤਰਾਜ਼ ਜਾਹਿਰ ਕੀਤਾ। ਪਰਿਵਾਰਿਕ ਮੈਂਬਰਾਂ ਦੇ ਇਲਜ਼ਾਮ ਹਨ ਕਿ ਉਕਤ ਲੜਕੀ ਦੇ ਵਿਆਹ ਤੋਂ ਬਾਅਦ ਲੜਕੀ ਦੇ ਮਾਤਾ-ਪਿਤਾ ਦੀ ਸਦਮੇ ’ਚ ਦੋਵਾਂ ਦੀ ਮੌਤ ਹੋ ਗਈ। ਹੁਣ ਪਿੰਡ ਦੀ ਪੰਚਾਇਤ ਨੇ ਪਿੰਡ ਅੰਦਰ ਵੱਡਾ ਇਕੱਠ ਕਰ ਕੇ ਪਿੰਡ ਦੀ ਸਹਿਮਤੀ ਦੇ ਨਾਲ ਇਕ ਮਤਾ ਪਾਸ ਕਰ ਦਿੱਤਾ ਕਿ ਉਕਤ ਲੜਕਾ ਅਤੇ ਲੜਕੀ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ। ਨਹੀਂ ਤਾਂ ਫਿਰ ਕੋਈ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਪੰਚਾਇਤ ਨੇ ਕਿਹਾ ਕਿ ਪ੍ਰਸ਼ਾਸਨ ਇਸ ਮਾਮਲੇ ਵੱਲ ਵਿਸ਼ੇਸ਼ ਧਿਆਨ ਦੇਵੇ। ਜਦੋਂ ਲੜਕਾ ਪਰਿਵਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੋਈ ਗ਼ੱਲ ’ਤੇ ਆਉਣ ਲਈ ਤਿਆਰ ਨਹੀਂ ਹੈ।