7 ਨਸ਼ਾ ਤਸਕਰ ਕਾਬੂ, 14 ਗ੍ਰਾਮ ਚਿੱਟਾ ਬਰਾਮਦ
7 ਨਸ਼ਾ ਤਸਕਰ ਕਾਬੂ, 14 ਗ੍ਰਾਮ ਚਿੱਟਾ ਬਰਾਮਦ
Publish Date: Thu, 09 Apr 2026 04:29 PM (IST)
Updated Date: Fri, 10 Apr 2026 04:03 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ ਜ਼ਿਲ੍ਹਾ ਪੁਲਿਸ ਸੰਗਰੂਰ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦੇ ਹੋਏ ਸੱਤ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਉਨ੍ਹਾਂ ਦੇ ਖਿਲਾਫ ਸੰਬੰਧਤ ਥਾਣਿਆਂ ਵਿੱਚ ਮੁਕੱਦਮੇ ਦਰਜ ਕਰ ਲਏ ਗਏ ਹਨ। ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ’ਤੇ ਸੀ। ਜਦੋਂ ਪੁਲਿਸ ਪਾਰਟੀ ਪਿੰਡ ਛਾਜਲੀ ਤੋਂ ਲਿੰਕ ਰੋਡ ਰਾਮਗੜ੍ਹ ਜਵੰਧੇ ਵੱਲ ਜਾ ਰਹੀ ਸੀ, ਤਾਂ ਪੁਲ ਡਰੇਨ ਕੋਲ ਇਕ ਸ਼ੱਕੀ ਨੌਜਵਾਨ ਨੂੰ ਦੇਖ ਕੇ ਰੋਕਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਸਤਗੁਰ ਸਿੰਘ ਉਰਫ ਸੱਤੀ ਨਿਵਾਸੀ ਰਾਮਗੜ੍ਹ ਜਵੰਧੇ ਦੱਸਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰ੍ਹਾਂ ਥਾਣਾ ਸਦਰ ਧੂਰੀ ਅਧੀਨ ਪੁਲਿਸ ਚੌਕੀ ਰਣੀਕੇ ਦੇ ਇੰਚਾਰਜ ਦਰਸ਼ਨ ਸਿੰਘ ਨੇ ਹਰਵਿੰਦਰ ਸਿੰਘ ਉਰਫ ਬਿੰਦਰੀ ਨਿਵਾਸੀ ਹਾਲ ਅਬਾਦ ਧੰਦੀਵਾਲ ਰੋਡ ਅਲਾਲ ਨੂੰ 80 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਸਦਰ ਧੂਰੀ ਪੁਲਿਸ ਨੇ ਸੱਤਪਾਲ ਸਿੰਘ ਨਿਵਾਸੀ ਧੂਰੀ ਨੂੰ 60 ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਲਵਲੀ ਕੁਮਾਰ ਉਰਫ ਲੱਕੀ ਨਿਵਾਸੀ ਕੱਕੜਵਾਲ ਅਤੇ ਗੁਰਜੀਤ ਸਿੰਘ ਉਰਫ ਬਿੱਲਾ ਨਿਵਾਸੀ ਧੂਰੀ ਨੂੰ 70 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਭਵਾਨੀਗੜ੍ਹ ਪੁਲਿਸ ਨੇ ਅਮਨਦੀਪ ਸਿੰਘ ਨਿਵਾਸੀ ਕਲੌਦੀ ਨੂੰ 18 ਲੀਟਰ ਹਰਿਆਣਾ ਮਾਰਕਾ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਛਾਜਲੀ ਪੁਲਿਸ ਨੇ ਅਮਨਦੀਪ ਸਿੰਘ ਉਰਫ ਗੱਗੀ ਨਿਵਾਸੀ ਛਾਜਲੀ ਨੂੰ 14 ਗ੍ਰਾਮ ਚਿੱਟਾ (ਹੈਰੋਇਨ) ਸਮੇਤ ਕਾਬੂ ਕਰਕੇ ਉਸ ਖਿਲਾਫ ਵੀ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।