ਅੱਗ ਲੱਗਣ ਕਾਰਨ ਦੋ ਪਿੰਡਾਂ ਦਾ 65 ਏਕੜ ਨਾੜ ਸੜ ਕੇ ਸੁਆਹ
ਅੱਗ ਲੱਗਣ ਕਾਰਨ ਦੋ ਪਿੰਡਾਂ ਦਾ 65 ਏਕੜ ਨਾੜ ਸੜ ਕੇ ਸੁਆਹ
Publish Date: Mon, 20 Apr 2026 06:31 PM (IST)
Updated Date: Tue, 21 Apr 2026 04:04 AM (IST)

ਪਿੰਡ ਅੜਕਵਾਸ ਤੇ ਕੋਟੜਾ ਲਹਿਲ ਦੇ ਖੇਤਾਂ ’ਚ ਲੱਗੀ ਭਿਆਨਕ ਅੱਗ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕੁਝ ਦਿਨ ਪਹਿਲਾਂ ਇੱਥੋਂ ਨੇੜਲੇ ਪਿੰਡ ਕੋਟੜਾ ਲਹਿਲ ਦੇ ਖੇਤਾਂ ’ਚ ਅੱਗ ਲੱਗਣ ਕਾਰਨ ਕਈ ਏਕੜ ਪੱਕੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਸੀ ਤੇ ਹੁਣ ਵੀ ਇਸੇ ਪਿੰਡ ਕੋਟੜਾ ਲੇਹਲ ਤੇ ਅੜਕਵਾਸ ਦੇ ਖੇਤਾਂ ’ਚ ਲਗਭਗ 65 ਏਕੜ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ। ਜਾਣਕਾਰੀ ਅਨੁਸਾਰ ਅੜਕਵਾਸ ਖਾਈ ਲਿੰਕ ਰੋਡ ਨੇੜੇ ਖੇਤਾਂ ਵਿਚ ਬਿਜਲੀ ਸਪਾਰਕਿੰਗ ਹੋਣ ਨਾਲ 35 ਏਕੜ ਤੋਂ ਵੱਧ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਹੈ। ਕਿਸਾਨ ਆਗੂ ਮਨਜੀਤ ਸਿੰਘ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਖਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਕਿਸਾਨ ਧਰਮਿੰਦਰ ਸਿੰਘ ਅੜਕਵਾਸ ਦਾ 8 ਏਕੜ, ਕੁਲਦੀਪ ਸਿੰਘ ਦਾ 6 ਏਕੜ, ਗੋਰਾ ਸਿੰਘ ਦਾ 6 ਏਕੜ, ਜੋਰਾ ਸਿੰਘ ਦਾ 3 ਏਕੜ, ਹੈਪੀ ਸਿੰਘ ਦਾ 2 ਏਕੜ ਅਤੇ ਗੁਰਮੇਲ ਸਿੰਘ ਖਾਈ ਦੇ ਖੇਤ ਵਿਚ ਖੜ੍ਹਿਆ 10 ਏਕੜ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਪੂਰੀ ਜੱਦੋ ਜਾਹਿਦ ਨਾਲ ਅੱਗ ਉੱਪਰ ਕਾਬੂ ਪਾਣ ਦਾ ਯਤਨ ਕੀਤਾ। ਇਸ ਤੋਂ ਇਲਾਵਾ ਲਹਿਰਾਗਾਗਾ ਦੇ ਨੇੜਲੇ ਪਿੰਡ ਕੋਟੜਾ ਲਹਿਲ ਵਿਖੇ ਦੁਪਹਿਰ 12 ਕੁ ਵਜੇ ਅੱਗ ਲੱਗਣ ਕਾਰਨ ਲਗਭਗ 30 ਏਕੜ ਕਣਕ ਦਾ ਨਾੜ ਸੜ ਗਿਆ। ਇਸ ਕਾਰਨ ਸਬੰਧਤ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਅੱਜ ਜਦੋਂ ਕਣਕ ਦੇ ਨਾੜ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਪਿੰਡ ਦੇ ਲੋਕ ਆਪਣੇ ਟਰੈਕਟਰ ਤੇ ਪਾਣੀ ਵਾਲੇ ਟੈਂਕਰ ਲੈ ਕੇ ਆਪ ਮੁਹਾਰੇ ਘਟਨਾ ਵਾਲੀ ਸਥਾਨ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਨੂੰ ਮੰਗਾਇਆ ਗਿਆ। ਅੱਗ ਇੰਨੀ ਭਿਆਨਕ ਸੀ ਜਿਸ ਦੀਆਂ ਲਪਟਾਂ ਤੇ ਧੂਵੇਂ ਦਾ ਗਵਾਰ ਅਸਮਾਨ ਛੂਹ ਰਹੇ ਸਨ। ਪਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਤੇ ਲੋਕਾਂ ਵੱਲੋਂ ਭਾਰੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਘਟਨਾਂ ਸਬੰਧੀ ਕਿਸਾਨ ਗੁਰਜੰਟ ਸਿੰਘ ਜੰਟੀ ਅਤੇ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਅੱਗ ਲੱਗਣ ਕਾਰਨ ਕਿਸਾਨ ਜਗਰੂਪ ਸਿੰਘ ਦਾ ਪੰਜ ਏਕੜ, ਲਛਮਣ ਸਿੰਘ ਦਾ ਚਾਰ ਏਕੜ, ਗੁਰਜੰਟ ਸਿੰਘ ਜੰਟੀ ਦਾ ਚਾਰ ਏਕੜ, ਦਰਸ਼ਨ ਸਿੰਘ ਖਾਈ ਦਾ ਅੱਠ ਏਕੜ, ਨਛੱਤਰ ਸਿੰਘ ਦਾ ਢਾਈ ਏਕੜ, ਬੂਟਾ ਸਿੰਘ ਦੇ ਤਿੰਨ ਏਕੜ ਤੋਂ ਇਲਾਵਾ ਕੁਲਵੰਤ ਸਿੰਘ ਦਾ ਚਾਰ ਏਕੜ ਨਾੜ ਸੜ ਕੇ ਸੁਆਹ ਹੋ ਗਿਆ, ਖਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੀੜਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਵੇ।