ਦੂਸ਼ਿਤ ਪਾਣੀ ਦੀ ਸਪਲਾਈ ’ਚ 60 ਫੀਸਦੀ ਸੁਧਾਰ
ਦੂਸ਼ਿਤ ਪਾਣੀ ਦੀ ਸਪਲਾਈ ’ਚ 60 ਫੀਸਦੀ ਸੁਧਾਰ
Publish Date: Sat, 17 Jan 2026 03:54 PM (IST)
Updated Date: Sun, 18 Jan 2026 04:01 AM (IST)

ਬਾਕੀ ਲਈ ਕਮੇਟੀ ਆਗੂਆਂ ਨੇ ਈਓ ਨੂੰ ਦਿੱਤਾ ਹਫ਼ਤੇ ਦਾ ਸਮਾਂ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਨਗਰ ਕੌਂਸਲ ਲਹਿਰਾਗਾਗਾ ਵਲੋਂ ਸ਼ਹਿਰ ਵਿੱਚ ਵਾਟਰ ਵਰਕਸ ਤੋਂ ਲਗਾਤਾਰ ਕੀਤੀ ਜਾ ਰਹੀ ਪ੍ਰਦੂਸ਼ਿਤ ਤੇ ਸੀਵਰੇਜ਼ ਮਿਲੇ ਪਾਣੀ ਦੀ ਸਪਲਾਈ ਦੇ ਗੰਭੀਰ ਮਸਲੇ ਤੇ ਪਿਛਲੇ ਦਿਨਾਂ ਤੋਂ ਚੱਲ ਰਹੀ ਲੋਕਾਂ ਦੀ ਸਰਗਰਮੀ ਅਤੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੂੰ ਦਿੱਤੇ ਮੰਗ ਪੱਤਰ ਅਤੇ ਸੰਘਰਸ਼ ਦੇ ਅਲਟੀਮੇਟਮ ਦੇ ਸਿੱਟੇ ਵੱਜੋਂ ਸਾਫ ਪਾਣੀ ਦੀ ਸਪਲਾਈ ਵਿੱਚ 60 ਫੀਸਦੀ ਤੱਕ ਸੁਧਾਰ ਹੋਇਆ ਹੈ। ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰਿਆ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਹੋਈ ਲੋਕਾਂ ਦੀ ਸਰਗਰਮੀ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੇ ਆਗੂਆਂ ਨੂੰ ਫ਼ੋਨ ਕਰਕੇ ਰਹਿੰਦੇ ਕੰਮ ਲਈ ਇੱਕ ਹਫ਼ਤੇ ਦਾ ਸਮਾਂ ਹੋਰ ਮੰਗਿਆ ਹੈ। ਜਿਸ ਤੇ ਫੈਸਲਾ ਕੀਤਾ ਗਿਆ ਕਿ ਪ੍ਰਸ਼ਾਸ਼ਨ ਨੂੰ ਇਹ ਸਮਾਂ ਦਿੱਤਾ ਜਾਵੇ ਕਿਉਂਕਿ ਮੰਡੀ ਵਾਲੇ ਪਾਸੇ ਗੰਦੇ ਪਾਣੀ ਦੀ ਸਮੱਸਿਆ ਹੱਲ ਹੋਈ ਜਾਪਦੀ ਹੈ। ਇਸ ਮੌਕੇ ਇਕੱਠ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼ਹਿਰ ਦੇ ਪਿੰਡ ਵਾਲੇ ਪਾਸੇ ਵੱਖਰਾ ਜਲ ਘਰ ਬਣਾਇਆ ਜਾਵੇ। ਇਸ ਲਈ ਇਕ ਮੰਗ ਪੱਤਰ ਸਾਰੇ ਕੌਂਸਲਰਾਂ ਤੋਂ ਦਸਤਖ਼ਤ ਕਰਵਾ ਕੇ ਜਲਦੀ ਹੀ ਪ੍ਰਸ਼ਾਸ਼ਨ ਨੂੰ ਦਿੱਤਾ ਜਾਵੇਗਾ। ਇਸ ਮੌਕੇ ਮਹਿੰਦਰ ਸਿੰਘ, ਜਗਜੀਤ ਭੁਟਾਲ, ਲਛਮਣ ਅਲੀਸ਼ੇਰ, ਵਿੱਕੀ ਸਿੰਗਲਾ, ਗੁਰਚਰਨ ਸਿੰਘ, ਗੁਰਨਾਮ ਸਿੰਘ ਸੰਧੂ ਨੰਬਰਦਾਰ, ਤਰਨ ਖਰੌੜ, ਨਰਿੰਦਰ ਸ਼ਰਮਾ, ਚਰਨਜੀਤ ਨੇ ਕਿਹਾ ਕਿ ਨਗਰ ਕੌਂਸਲ ਦੀ ਕਾਰਗੁਜਾਰੀ ਦੇਖਣ ਤੋਂ ਬਾਅਦ ਅਗਲਾ ਫੈਸਲਾ ਕਰਨ ਲਈ ਫਿਰ ਮੀਟਿੰਗ ਸੱਦੀ ਜਾਵੇਗੀ।