6 ਨਸ਼ਾ ਤਸਕਰ ਕਾਬੂ, ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ
6 ਨਸ਼ਾ ਤਸਕਰ ਕਾਬੂ, ਵੱਖ-ਵੱਖ ਥਾਣਿਆਂ ‘ਚ ਮਾਮਲੇ ਦਰਜ
Publish Date: Wed, 08 Apr 2026 03:45 PM (IST)
Updated Date: Wed, 08 Apr 2026 03:47 PM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਗਸ਼ਤ ਅਤੇ ਚੈਕਿੰਗ ਦੌਰਾਨ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ 6 ਮੁਲਜ਼ਮਾਂ ਨੂੰ ਕਾਬੂ ਕਰ ਕੇ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਥਾਣਾ ਸਿਟੀ ਧੂਰੀ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮਾਨਵਾਲਾ ਫਾਟਕ ਧੂਰੀ ਨੇੜੇ ਪਹੁੰਚੀ। ਇੱਥੇ ਰੇਲਵੇ ਲਾਈਨ ਉੱਪਰ ਖੜ੍ਹੀਆਂ ਦੋ ਔਰਤਾਂ ਸ਼ੱਕੀ ਹਾਲਤ ਵਿੱਚ ਲਿਫਾਫੇ ਦੀ ਤਲਾਸ਼ੀ ਕਰਦੀਆਂ ਨਜ਼ਰ ਆਈਆਂ। ਸ਼ੱਕ ਦੇ ਆਧਾਰ ’ਤੇ ਚੈਕਿੰਗ ਕਰਨ ‘ਤੇ ਉਨ੍ਹਾਂ ਕੋਲੋਂ 125 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਅਮਨਦੀਪ ਕੌਰ ਉਰਫ ਅਮਨਾ ਅਤੇ ਮਹਿੰਦਰ ਕੌਰ ਵਾਸੀ ਧੂਰੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਥਾਣਾ ਸ਼ੇਰਪੁਰ ਦੀ ਪੁਲਿਸ ਨੇ ਪ੍ਰਦੀਪ ਸਿੰਘ ਵਾਸੀ ਹੇੜੀਕੇ ਨੂੰ 22 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ। ਭਵਾਨੀਗੜ੍ਹ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਉਰਫ ਪ੍ਰਵੀਨ ਵਾਸੀ ਫੱਗੂਆਲਾ (ਹਾਲ ਆਬਾਦ ਕਪਿਆਲ) ਅਤੇ ਗੁਰਪ੍ਰੀਤ ਸਿੰਘ ਉਰਫ ਬੱਗਾ ਵਾਸੀ ਰੇਤਗੜ ਨੂੰ 10 ਗ੍ਰਾਮ ਚਿੱਟ/ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਥਾਣਾ ਦਿੜਬਾ ਦੀ ਪੁਲਿਸ ਨੇ ਮਨਦੀਪ ਸਿੰਘ ਉਰਫ ਲਾਡੀ ਵਾਸੀ ਜਨਾਲ ਨੂੰ 60 ਬੋਤਲਾਂ ਦੇਸੀ ਸ਼ਰਾਬ (ਹਰਿਆਣਾ ਮਾਰਕਾ) ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।