ਕਣਕ ਦੀ 6 ਏਕੜ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ
ਕਣਕ ਦੀ 6 ਏਕੜ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ
Publish Date: Mon, 06 Apr 2026 06:33 PM (IST)
Updated Date: Tue, 07 Apr 2026 04:06 AM (IST)

4 ਲੱਖ ਦੇ ਹੋਏ ਨੁਕਸਾਨ ਕਾਰਨ ਕਿਸਾਨ ਚਲਾ ਗਿਆ ਡਿਪਰੈਸ਼ਨ ਵਿੱਚ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਜਿੱਥੇ ਕਣਕ ਦੀ ਪੱਕੀ ਫਸਲ ਸਬੰਧੀ ਮੀਂਹ, ਹਨੇਰੀ ਤੇ ਗੜਿਆਂ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ, ਉੱਥੇ ਹੀ ਕਣਕ ਦੀ ਤਿਆਰ ਫਸਲ ਨੂੰ ਇੱਕ ਅੱਗ ਲੱਗਣ ਦੀ ਘਟਨਾ ਨੇ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਲਹਿਰਾ-ਜਾਖਲ ਮੁਖ ਮਾਰਗ ਉੱਤੇ ਸੰਧੂ ਆਸ਼ਰਮ ਕੋਟੜਾ ਕੋਲ ਸਥਿਤ ਇਕ ਕਣਕ ਦੀ ਖੜ੍ਹੀ ਅਤੇ ਪੱਕੀ ਫ਼ਸਲ ਨੂੰ ਅੱਗ ਲੱਗ ਗਈ। ਇਸ ਕਾਰਨ ਤਕਰੀਬਨ 6 ਏਕੜ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਪਿੰਡ ਕੋਟੜਾ ਲਹਿਲ ਦੇ ਸਾਬਕਾ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾਲ ਪਿੰਡ ਕੋਟਲਾ ਨਿਹਲ ਦੇ ਕਾਲਾ ਸਿੰਘ ਪੁੱਤਰ ਭੂਰਾ ਸਿੰਘ ਗੁਰਥੜੀ ਵਾਲੇ ਦੀ ਤਕਰੀਬਨ 6 ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਕਾਰਨ ਕਿਸਾਨ ਦਾ ਤਕਰੀਬਨ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਸਪਸ਼ਟ ਪਤਾ ਨਹੀਂ ਲੱਗੇ ਸਕਿਆ। ਇਸ ਸਮੇਂ ਪੀੜਿਤ ਕਾਲਾ ਸਿੰਘ ਦੇ ਭਰਾ ਸੋਨੀ ਸਿੰਘ ਨੇ ਦੱਸਿਆ ਕਿ ਫਸਲ ਨੂੰ ਅੱਗ ਤਕਰੀਬਨ ਚਾਰ ਕੁ ਵਜੇ ਲੱਗੀ ਸੀ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਦੋਂ ਕਿ ਫਾਇਰ ਬ੍ਰਿਗੇਡ ਅੱਗ ਲੱਗਣ ਤੋਂ ਡੇਢ ਦੋ ਘੰਟੇ ਬਾਅਦ ਆਈ। ਉਦੋਂ ਨੂੰ ਪਿੰਡ ਦਿਆਂ ਲੋਕਾਂ ਨੇ ਤੇ ਆਉਂਦੇ ਜਾਂਦੇ ਰਾਹਗੀਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਤਾਂ ਪਾ ਲਿਆ, ਪ੍ਰੰਤੂ ਉਦੋਂ ਨੂੰ 6 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਸੀ। ਸਾਬਕਾ ਸਰਪੰਚ ਨੇ ਦੱਸਿਆ ਕਿ ਇਸ ਨੁਕਸਾਨ ਕਾਰਨ ਪੀੜਤ ਕਾਲਾ ਸਿੰਘ ਪੂਰੀ ਤਰ੍ਹਾਂ ਡਿਪਰੈਸ਼ਨ ਵਿੱਚ ਚਲਿਆ ਗਿਆ ਹੈ। ਹੁਣ ਉਪਰੋਕਤ ਸਾਬਕਾ ਸਰਪੰਚ ਤੋਂ ਇਲਾਵਾ ਪਿੰਡ ਦੀ ਪੰਚਾਇਤ ਤੇ ਸਮੂਹ ਮੋਹਤਵਰ ਵਿਅਕਤੀ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਨੂੰ ਲਹਿਰਾਗਾਗਾ ਵਿਖੇ ਖੜ੍ਹਾ ਕਰਨ ਦੀ ਵੀ ਮੰਗ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੋਂ ਕਰ ਰਹੇ ਹਨ, ਤਾਂ ਜੋ ਕਿਸਾਨਾਂ ਦੀ ਫਸਲ ਅਜਹੀਆਂ ਦੁਰਘਟਨਾਵਾਂ ਤੋਂ ਬਚਾਈਆਂ ਜਾ ਸਕਣ।