ਵੱਖ-ਵੱਖ ਮੁਕੱਦਮਿਆਂ ’ਚ 55 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਵੱਖ-ਵੱਖ ਮੁਕੱਦਮਿਆਂ 'ਚ 55 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
Publish Date: Thu, 02 Apr 2026 05:02 PM (IST)
Updated Date: Fri, 03 Apr 2026 04:08 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ ਡਿਵੀਜਨ ਭਵਾਨੀਗੜ੍ਹ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 1 ਮਾਰਚ ਤੋਂ 31 ਮਾਰਚ ਤੱਕ ਕੁੱਲ 55 ਦੋਸ਼ੀਆਂ ਨੂੰ ਵੱਖ-ਵੱਖ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਭਵਾਨੀਗੜ੍ਹ ਵੱਲੋਂ ਐੱਨਡੀਪੀਐਸ ਐਕਟ ਤਹਿਤ 06 ਮੁਕੱਦਮੇ ਦਰਜ ਕਰਕੇ 08 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਕੋਲੋਂ 70 ਗ੍ਰਾਮ ਹੈਰੋਇਨ ਤੇ 4 ਕਿੱਲੋ ਭੁੱਕੀ ਬਰਾਮਦ ਹੋਈ। ਇਸ ਤੋਂ ਇਲਾਵਾ ਆਬਕਾਰੀ ਐਕਟ ਤਹਿਤ 5 ਮੁਕੱਦਮੇ ਦਰਜ ਕੀਤੇ ਗਏ, ਜਿਸ ਵਿਚ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 48 ਬੋਤਲਾਂ ਸ਼ਰਾਬ ਠੇਕਾ ਦੇਸ਼ੀ ਮਾਰਕਾ ਹਰਿਆਣਾ, 36 ਬੋਤਲ ਸ਼ਰਾਬ ਹਾਈਸਪੀਡ ਵਿਸਕੀ (ਚੰਡੀਗੜ੍ਹ), 80 ਲੀਟਰ ਲਾਹਣ ਤੇ 36 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਜਲਵਾ ਮੋਟਾ ਸੰਤਰਾ ਬਰਾਮਦ ਹੋਈਆਂ। ਐੱਸਐੱਸਪੀ ਚਾਹਲ ਨੇ ਦੱਸਿਆ ਕਿ ਥਾਣਾ ਭਵਾਨੀਗੜ੍ਹ ਦੇ ਏਰੀਆ ਵਿਚ ਨਸ਼ਾ ਕਰਨ ਦੇ ਆਦਿ 21 ਵਿਅਕਤੀਆਂ, ਜੋ ਨਸ਼ਾ ਛੱਡਣ ਦਾ ਮਨ ਬਣਾ ਚੁੱਕੇ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਤੇ ਉਨ੍ਹਾਂ ਨਾਲ ਕਾਊਂਸਲਿੰਗ ਕਰਕੇ ਉਨ੍ਹਾਂ ਦੀ ਸਹਿਮਤੀ ਨਾਲ ਨਸ਼ਾ ਛੁਡਾਊ ਕੇਂਦਰ ’ਚ ਲਿਜਾਇਆ ਗਿਆ ਤੇ ਉਨ੍ਹਾਂ ਨੂੰ ਦਵਾਈ ਵੀ ਦਿਵਾਈ ਗਈ। ਭਵਾਨੀਗੜ੍ਹ ਪੁਲਿਸ ਵੱਲੋਂ ਏਰੀਆ ਵਿਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ 310 ਵਿਅਕਤੀਆਂ ਨੂੰ ਚੈੱਕ ਕਰਨ ਉਪਰੰਤ ਜੇਰ ਧਾਰਾ 172 ਬੀਐੱਨਐੱਸਐੱਸ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ। ਦਿਨ-ਰਾਤ ਸਮੇਂ ਗਸ਼ਤਾਂ ਦੌਰਾਨ ਏਰੀਆ ਵਿਚ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 334 ਵ੍ਹੀਕਲਾਂ ਦੇ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਉਪਰੰਤ 102 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।