ਵੱਖ-ਵੱਖ ਮਾਮਲਿਆਂ ’ਚ 5 ਕਿਲੋ ਭੁੱਕੀ, 9 ਹਜਾਰ ਕੈਪਸੂਲ, ਗੋਲ਼ੀਆਂ ਤੇ 2 ਕਾਰਾਂ ਬਰਾਮਦ
ਵੱਖ-ਵੱਖ ਮਾਮਲਿਆਂ 'ਚ 5 ਕਿਲੋ ਭੁੱਕੀ, 9 ਹਜਾਰ ਕੈਪਸੂਲ, ਗੋਲੀਆਂ 'ਤੇ ਦੋ ਕਾਰਾਂ ਬਰਾਮਦ
Publish Date: Sun, 31 May 2026 05:56 PM (IST)
Updated Date: Mon, 01 Jun 2026 04:09 AM (IST)

ਮੱਝਾਂ ਚੋਰੀ ਦੇ ਮਾਮਲੇ ’ਚ ਵੀ ਇਕ ਕਾਬੂ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਪੁਲਿਸ ਨੇ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ’ਚ ਨਸ਼ੀਲੇ ਕੈਪਸੂਲ, ਗੋਲ਼ੀਆਂ ਤੇ ਇਕ ਇਨੋਵਾ ਕਾਰ ਤੇ ਦੂਸਰੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ 5 ਕਿੱਲੋ ਭੁੱਕੀ (ਪੋਸਤ) ਤੇ ਇਕ ਕ੍ਰੇਟਾ ਕਾਰ ਤੋਂ ਇਲਾਵਾ ਮੱਝਾਂ ਚੋਰੀ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਸਥਾਨਕ ਪ੍ਰੇਮ ਗਲੀ ਦੇ ਵਾਸੀ ਸੰਜੀਵ ਕੁਮਾਰ ਤੇ ਸਿਮਰਨਜੀਤ ਸਿੰਘ ਵਾਸੀ ਗਾਂਧੀ ਨਗਰ ਭਵਾਨੀਗੜ੍ਹ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਪਾਬੰਦੀਸ਼ੁਦਾ 9000 ਕੈਪਸੂਲ, 100 ਨਸ਼ੀਲੀਆਂ ਗੋਲੀਆਂ ਤੇ ਇੱਕ ਇਨੋਵਾ ਕਾਰ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਸਰੋਤ ਅਤੇ ਸਪਲਾਈ ਲੜੀ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇੰਸਪੈਕਟਰ ਰਮਨਦੀਪ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨਸ਼ੀਲਾ ਸਮਾਨ ਕਿੱਥੋਂ ਲੈ ਕੇ ਆਏ ਸਨ ਤੇ ਇਸ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ। ਇਸੇ ਤਰ੍ਹਾਂ ਇੱਕ ਵੱਖਰੇ ਮਾਮਲੇ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 5 ਕਿਲੋ ਭੁੱਕੀ (ਪੋਸਤ) ਤੇ ਇੱਕ ਕ੍ਰੇਟਾ ਕਾਰ ਬਰਾਮਦ ਕੀਤੀ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸ ਗਰਗ ਉਰਫ਼ ਨੰਨੂ ਤੇ ਦਿਲਪ੍ਰੀਤ ਸਿੰਘ ਉਰਫ਼ ਡਾਲੀ, ਦੋਵੇਂ ਵਾਸੀ ਪਿੰਡ ਬਾਸੀਅਰਖ ਅਤੇ ਗੁਰਸੇਵਕ ਸਿੰਘ ਵਾਸੀ ਪਿੰਡ ਰੇਤਗੜ੍ਹ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉਕਤ ਮੁਲਜ਼ਮਾਂ ਦੇ ਕਬਜ਼ੇ ਵਿਚੋਂ 5 ਕਿਲੋ ਭੁੱਕੀ (ਪੋਸਤ) ਤੇ ਇੱਕ ਕ੍ਰੇਟਾ ਕਾਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਹਿਲਾਂ ਦਰਜ ਇੱਕ ਹੋਰ ਕੇਸ ਚ ਪਿੰਡ ਨੂਰਪੁਰਾ ਤੋਂ ਮੱਝਾਂ ਚੋਰੀ ਹੋਣ ਦੇ ਮਾਮਲੇ ਵਿਚ ਭਵਾਨੀਗੜ੍ਹ ਪੁਲਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐੱਸ.ਐੱਚ.ਓ ਰਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਭਵਾਨੀਗੜ੍ਹ ਵਿਖੇ ਐੱਫਆਈਆਰ ਨੰਬਰ 6 11 ਜਨਵਰੀ 2026 ਤਹਿਤ ਬੀਐੱਨਐੱਸ ਦੀਆਂ ਧਾਰਾਵਾਂ 331(4) ਅਤੇ 305 ਅਧੀਨ ਮੱਝਾਂ ਚੋਰੀ ਹੋਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਹਾਮਿਦ ਪੁੱਤਰ ਖਲੀਲ ਵਾਸੀ ਘੁੰਨਾ, ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।