ਕੈਂਪ ਦੌਰਾਨ 44 ਯੂਨਿਟ ਖੂਨ ਇਕੱਤਰ ਕੀਤਾ
ਕੈਂਪ ਦੌਰਾਨ 44 ਯੂਨਿਟ ਖੂਨ ਇਕੱਤਰ ਕੀਤਾ
Publish Date: Sat, 28 Feb 2026 04:22 PM (IST)
Updated Date: Sat, 28 Feb 2026 04:25 PM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ ਬੰਦੀ ਛੋੜ ਗਰੀਬ ਦਾਸ ਮਹਾਰਾਜ ਦੇ ਬੋਧ ਦਿਵਸ ਸਮਾਗਮ ਦੇ ਪਾਵਨ ਮੌਕੇ ’ਤੇ ਸਤਲੋਕ ਆਸ਼ਰਮ ਧੂਰੀ ਵਿਖੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਮਿੱਤਲ ਹੈਲਥ ਕੇਅਰ ਸੈਂਟਰ ਸੰਗਰੂਰ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਭਾਰੀ ਉਤਸ਼ਾਹ ਨਾਲ ਭਾਗ ਲਿਆ ਗਿਆ। ਕੈਂਪ ਦੌਰਾਨ 44 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖੂਨਦਾਨ ਕੈਂਪ ਦੀ ਸ਼ੁਰੂਆਤ ਸੰਤ ਰਾਮਪਾਲ ਜੀ ਮਹਾਰਾਜ ਦੇ ਉਪਦੇਸ਼ਾਂ ਅਨੁਸਾਰ “ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ ਹੈ” ਨਾਲ ਕੀਤੀ ਗਈ। ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਜੀ ਸਦਾ ਹੀ ਅਧਿਆਤਮ ਨਾਲ ਨਾਲ ਸਮਾਜਿਕ ਸੇਵਾ ’ਤੇ ਜ਼ੋਰ ਦਿੰਦੇ ਆਏ ਹਨ ਅਤੇ ਖੂਨਦਾਨ ਵਰਗੇ ਕਾਰਜ ਉਨ੍ਹਾਂ ਦੀ ਇਸੇ ਸੋਚ ਦਾ ਪ੍ਰਤੀਕ ਹਨ। ਬਲੱਡ ਸੈਂਟਰ ਦੀ ਮੈਡੀਕਲ ਟੀਮ ਵੱਲੋਂ ਖੂਨਦਾਨੀਆਂ ਦੀ ਪੂਰੀ ਜਾਂਚ ਅਤੇ ਸੁਰੱਖਿਆ ਮਾਪਦੰਡਾਂ ਅਨੁਸਾਰ ਖੂਨ ਇਕੱਤਰ ਕੀਤਾ ਗਿਆ। ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਨੇ ਆਸ਼ਰਮ ਪ੍ਰਬੰਧਕਾਂ ਦੀ ਸਹਿਯੋਗ ਭਾਵਨਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਹਸਪਤਾਲਾਂ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸੰਤ ਰਾਮਪਾਲ ਜੀ ਮਹਾਰਾਜ ਦੇ ਉਪਦੇਸ਼ ਸਮਾਜ ਨੂੰ ਅੰਧਵਿਸ਼ਵਾਸਾਂ ਤੋਂ ਦੂਰ ਕਰਕੇ ਸੇਵਾ, ਸਦਭਾਵਨਾ ਅਤੇ ਮਨੁੱਖਤਾ ਦੇ ਰਾਹ ’ਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ।