ਸੁੰਦਰ ਬਸਤੀ ’ਚ 15 ਦਿਨਾਂ ਦੌਰਾਨ ਨਸ਼ੇ ਨਾਲ 4 ਨੌਜਵਾਨਾਂ ਦੀ ਮੌਤ
ਸੁੰਦਰ ਬਸਤੀ ’ਚ 15 ਦਿਨਾਂ ਦੌਰਾਨ ਨਸ਼ੇ ਨਾਲ 4 ਨੌਜਵਾਨਾਂ ਦੀ ਮੌਤ
Publish Date: Sun, 15 Feb 2026 05:51 PM (IST)
Updated Date: Mon, 16 Feb 2026 04:06 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਕਾਂਗਰਸ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਕਾਂਗੜਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹਦਿਆਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਕਾਮ ਤੇ ਸਿਰਫ਼ ਦਿਖਾਵਟੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤੇ ਨਸ਼ਿਆਂ ਕਾਰਨ ਹੋ ਰਹੀਆਂ ਲਗਾਤਾਰ ਮੌਤਾਂ ਸਰਕਾਰ ਦੀ ਅਸਲ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਰਹੀਆਂ ਹਨ। ਕਾਂਗੜਾ ਨੇ ਦਿਲ ਦਹਿਲਾ ਦੇਣ ਵਾਲਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਆਪਣੀ ਰਿਹਾਇਸ਼ ਵਾਲੀ ਸੁੰਦਰ ਬਸਤੀ ਵਿਚ ਸਿਰਫ਼ 15 ਦਿਨਾਂ ਦੇ ਅੰਦਰ 4 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ। ਜੇਕਰ ਇਕ ਛੋਟੀ ਜਿਹੀ ਕਾਲੋਨੀ ਵਿਚ ਇਹ ਹਾਲਤ ਹੈ ਤਾਂ ਪੂਰੇ ਪੰਜਾਬ ਦੀ ਸਥਿਤੀ ਕਿੰਨੀ ਭਿਆਨਕ ਹੋਵੇਗੀ, ਇਸਦਾ ਅੰਦਾਜ਼ਾ ਹਰ ਕੋਈ ਲਾ ਸਕਦਾ ਹੈ। ਉਨ੍ਹਾਂ ਗ਼ਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਉੱਚ ਅਧਿਕਾਰੀ ਪੀੜਤ ਪਰਿਵਾਰਾਂ ਦੇ ਘਰ ਦੁੱਖ ਸਾਂਝਾ ਕਰਨ ਤਕ ਨਹੀਂ ਪਹੁੰਚਿਆ, ਜੋ ਸਰਕਾਰ ਦੀ ਸੰਵੇਦਨਹੀਨਤਾ ਦਾ ਸਪੱਸ਼ਟ ਪ੍ਰਮਾਣ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਮਾਫੀਆ ਅੱਜ ਵੀ ਬੇਖ਼ੌਫ਼ ਘੁੰਮ ਰਿਹਾ ਹੈ ਤੇ ਜ਼ਮੀਨੀ ਪੱਧਰ ’ਤੇ ਕੋਈ ਢੰਗ ਦੀ ਕਾਰਵਾਈ ਨਹੀਂ ਹੋ ਰਹੀ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਵਾਸਤਵ ਵਿਚ ਨਸ਼ਿਆਂ ਪ੍ਰਤੀ ਰੱਤਾ ਭਰ ਵੀ ਗੰਭੀਰ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਕੜੇ ਕਦਮ ਨਾ ਚੁੱਕੇ ਤਾਂ ਪੰਜਾਬ ਦਾ ਭਵਿੱਖ ਹੋਰ ਵੀ ਹਨੇਰੇ ਵਿੱਚ ਧੱਕਿਆ ਜਾਵੇਗਾ ਅਤੇ ਲੋਕ ਆਉਣ ਵਾਲੇ ਸਮੇਂ ਵਿੱਚ ਇਸ ਨਾਕਾਮੀ ਦਾ ਕਰਾਰਾ ਜਵਾਬ ਦੇਣਗੇ।