ਕੈਂਪ ’ਚ 200 ਯੂਨਿਟਾਂ ਖੂਨ ਇਕੱਤਰ ਕੀਤਾ
ਕੈਂਪ 'ਚ 200 ਯੂਨਿਟਾਂ ਖੂਨ ਇਕੱਤਰ ਕੀਤਾ
Publish Date: Thu, 19 Mar 2026 03:57 PM (IST)
Updated Date: Fri, 20 Mar 2026 04:01 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ 160ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੇ ਪਵਿੱਤਰ ਮੌਕੇ ’ਤੇ ਲੋਕ ਸੇਵਾ ਸਹਾਰਾ ਕਲੱਬ ਚੀਮਾ ਮੰਡੀ ਵੱਲੋਂ ਸਮਾਜਿਕ, ਧਾਰਮਿਕ ਤੇ ਮਨੁੱਖਤਾ ਭਰੀ ਸੇਵਾ ਦੀ ਮਿਸਾਲ ਕਾਇਮ ਕਰਦਿਆਂ 16ਵਾਂ ਦੋ ਰੋਜ਼ਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਇਹ ਕੈਂਪ ਚਮਕੌਰ ਸਿੰਘ ਸ਼ਾਹਪੁਰ ਤੇ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਦੀ ਅਗਵਾਈ ਹੇਠ ਬੜੇ ਹੀ ਸੁਚੱਜੇ ਤੇ ਸੰਗਠਿਤ ਢੰਗ ਨਾਲ ਨੇਪਰੇ ਚੜ੍ਹਿਆ। ਪ੍ਰਦੀਪ ਕੁਮਾਰ ਬਿੱਟੂ, ਕਮਲ ਭਾਰਦਵਾਜ, ਹਰਜੀਤ ਸਿੰਘ ਬਬਲੀ, ਗੁਰਵਿੰਦਰ ਸਿੰਘ ਗੱਗੀ ਨੇ ਦੱਸਿਆ ਕਿ ਇਸ ਮਹਾਨ ਉਪਰਾਲੇ ਵਿਚ ਇਲਾਕੇ ਦੇ ਨੌਜਵਾਨਾਂ, ਸੇਵਾਦਾਰਾਂ ਤੇ ਸਮਾਜ ਸੇਵੀਆਂ ਵੱਲੋਂ ਵੱਡੇ ਉਤਸ਼ਾਹ ਨਾਲ ਭਾਗ ਲਿਆ ਗਿਆ। ਕੈਂਪ ਦੌਰਾਨ 2 ਸੈਂਕੜੇ ਯੂਨਿਟ ਖੂਨ ਇਕੱਤਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੂਨਦਾਨ ਸਿਰਫ਼ ਇਕ ਦਾਨ ਹੀ ਨਹੀਂ, ਸਗੋਂ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਜੋ ਸਾਨੂੰ ਧਾਰਮਿਕ ਤੇ ਇਨਸਾਨੀਅਤ ਦੇ ਫ਼ਰਜ਼ ਸਿਖਾਉਂਦੀ ਹੈ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ, ਮੈਡਲ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਕੈਂਪ ਦਾ ਮਾਹੌਲ ਪੂਰੀ ਤਰ੍ਹਾਂ ਸੇਵਾ ਭਾਵਨਾ, ਭਾਈਚਾਰਕ ਤੇ ਸਾਂਝੀਵਾਲਤਾ ਨਾਲ ਰੰਗਿਆ ਹੋਇਆ ਸੀ। ਕੈਂਪ ’ਚ ਆਏ ਖ਼ੂਨਦਾਨੀਆਂ ਲਈ ਦੁੱਧ ਤੇ ਕੇਲਿਆਂ ਦਾ ਲੰਗਰ ਅਤੁੱਟ ਵਰਤਿਆ। ਕੈਂਪ ’ਚ ਕੇਲਿਆਂ ਦੀ ਸੇਵਾ ਵਿਨੋਦ ਗਰਗ ਵੱਲੋਂ ਕੀਤੀ ਗਈ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਇੰਜੀਨੀਅਰ ਵਿਨਰਜੀਤ ਸਿੰਘ ਖਡਿਆਲ (ਹਲਕਾ ਇੰਚਾਰਜ ਸੁਨਾਮ ਸ਼੍ਰੋਮਣੀ ਅਕਾਲੀ ਦਲ), ਸੰਜੀਵ ਕੁਮਾਰ ਸਿੰਗਲਾ (ਸਿੰਗਲਾ ਕਾਰ ਬਾਜ਼ਾਰ), ਤਰਲੋਚਨ ਗੋਇਲ ਪ੍ਰਧਾਨ ਸ੍ਰੀ ਰਾਮ ਨੌਮੀ ਉਤਸਵ ਸੋਸ਼ਲ ਵੈਲਫੇਅਰ ਸੁਸਾਇਟੀ, ਵਿਕਰਮ ਸ਼ਰਮਾ, ਡਾ. ਚਮਕੌਰ ਸਿੰਘ ਛਾਜਲਾ, ਰਣਜੀਤ ਸਿੰਘ ਸੇਠੀ, ਚਮਕੌਰ ਸਿੰਘ ਚਾਂਗਲੀ,ਡਾ. ਸੁਰੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮ ਸਾਡੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਕਰਦੇ ਹਨ ਤੇ ਨੌਜਵਾਨ ਪੀੜ੍ਹੀ ਨੂੰ ਸੇਵਾ ਦੇ ਮਾਰਗ ’ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਤਿੰਦਰਜੀਤ ਸਿੰਘ ਬੰਟੂ, ਡਾ. ਹਰਮੇਸ਼ ਸਿੰਘ ਤੋਗਾਵਾਲ, ਕੰਵਰਪਾਲ ਸਿੰਘ ਮਾਨਸ਼ਾਹੀਆ, ਅਮਨਦੀਪ ਖ਼ਾਨ, ਪੰਜਾਬੀ ਫ਼ਿਲਮਾਂ ਦੇ ਲੇਖਕ ਰਾਜੂ ਵਰਮਾ, ਹਰਵਿੰਦਰ ਪਾਲ ਰਿਸ਼ੀ, ਬਲਜਿੰਦਰ ਸਿੰਘ ਐੱਮਸੀ, ਕੁਲਦੀਪ ਸਿੰਘ ਐੱਮਸੀ ਮੌਜੂਦ ਸਨ।