180 ਈਟੀਟੀ ਅਧਿਆਪਕਾਂ ਨੇ ਟੈਂਕੀਆਂ ਤੇ ਟਾਵਰਾਂ ’ਤੇ ਚੜ੍ਹ ਕੇ ਕੀਤਾ ਪ੍ਰਦਰਸ਼ਨ
180 ਈਟੀਟੀ ਅਧਿਆਪਕਾਂ ਨੇ ਟੈਂਕੀਆਂ ਅਤੇ ਟਾਵਰਾਂ ਤੇ ਚੜ੍ਹ ਕੇ ਕੀਤਾ ਪ੍ਰਦਰਸ਼ਨ
Publish Date: Tue, 03 Mar 2026 05:24 PM (IST)
Updated Date: Wed, 04 Mar 2026 04:03 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : 180 ਈਟੀਟੀ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਅੰਦਰ ਕਈ ਪਿੰਡਾਂ ਦੀਆਂ ਟੈਂਕੀਆਂ ਤੇ ਟਾਵਰਾਂ ਉਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕਰ ਨੇ ਕਿਹਾ ਕਿ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਪੰਜਾਬ ਭਰ ਤੋਂ ਆਏ 180 ਈਟੀਟੀ ਰੈਗੂਲਰ ਅਧਿਆਪਕਾਂ ਨੇ ਹਲਕੇ ਦੇ 25 ਪਿੰਡਾਂ ਵਿਚ ਪਾਣੀ ਦੀਆਂ ਟੈਂਕੀਆਂ ਤੇ ਟਾਵਰਾਂ ’ਤੇ ਚੜ੍ਹ ਕੇ ਹਰਪਾਲ ਸਿੰਘ ਚੀਮਾ ਦੇ ਹਲਕੇ ਅੰਦਰ ਭੰਡੀ ਪ੍ਰਚਾਰ ਪ੍ਰੋਗਰਾਮ ਬਣਾਇਆ ਸੀ। ਇਸ ਦੇ ਚਲਦੇ ਸੂਲਰ ਘਰਾਟ ਵਿਖੇ ਅਧਿਆਪਕ ਸਾਥੀ ਟੈਂਕੀ ਉੱਪਰ ਚੜ੍ਹ ਗਏ। ਉਨ੍ਹਾਂ ਨੇ ਮਾਤਾਵਾਂ, ਭੈਣਾਂ ਨੂੰ ਹਜ਼ਾਰ ਰੁਪਿਆ ਮਹੀਨਾ ਦੇਣ ਤੋਂ ਮੁਕਰਨ ਵਾਲੇ, ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐੱਮਐੱਸਪੀ ਦੀ ਗਰੰਟੀ ਦੇ ਕੇ ਭੱਜਣ ਵਾਲੇ, ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਨਾ ਦੇਣ ਵਾਲੇ ਤੇ 180 ਈਟੀਟੀ ਅਧਿਆਪਕਾਂ ਨਾਲ ਵਾਧਾ ਕਰ ਕੇ ਮੁੱਕਰਨ ਵਾਲੀ ਸਰਕਾਰ ਦੇ ਖ਼ਿਲਾਫ਼ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ ਪੈਂਫਲਿਟ ਵੰਡੇ। ਇਸ ਤੋਂ ਬਾਅਦ ਇਹ ਅਧਿਆਪਕ ਪਿੰਡ ਢੰਡੋਲੀ ਕਲਾਂ ਵਿਚ ਪਾਣੀ ਵਾਲੀ ਟੈਂਕੀ ਉੱਪਰ ਵੀ ਮਹਿਲਾ ਅਧਿਆਪਕਾਂ ਸਮੇਤ ਚੜ੍ਹ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲਗਾਤਾਰ ਕਈ ਮਹੀਨਿਆਂ ਤੋਂ ਹਰ 15 ਦਿਨ ਬਾਅਦ ਸਾਡਾ ਮਸਲਾ ਹੱਲ ਕਰਨ ਲਈ ਸਾਨੂੰ ਬੁਲਾ ਕੇ ਪੱਤਰ ਜਾਰੀ ਕਰਨ ਦੀ ਗੱਲ ਕਰਦੇ ਹਨ ਪ੍ਰੰਤੂ ਮੌਕੇ ’ਤੇ ਟਾਲ-ਮਟੋਲ ਕਰਦਿਆਂ ਅੱਗੇ ਪਾ ਦਿੰਦੇ ਹਨ। ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ ਨੇ ਦੱਸਿਆ ਕਿ ਵਿੱਤ ਮੰਤਰੀ ਚੀਮਾ ਵੱਲੋਂ ਬੀਤੀ 27 ਫਰਵਰੀ ਨੂੰ ਵੀ ਮਸਲਾ ਹੱਲ ਕਰ ਕੇ ਸਾਨੂੰ ਪੱਤਰ ਦੇਣ ਲਈ ਬੁਲਾਇਆ ਗਿਆ ਸੀ ਪ੍ਰੰਤੂ ਵਿੱਤ ਮੰਤਰੀ ਉਸ ਮੀਟਿੰਗ ਤੋਂ ਗੈਰ ਹਾਜ਼ਰ ਰਹੇ। ਸਰਕਾਰ ਵੱਲੋਂ ਯੂਨੀਅਨ ਆਗੂਆਂ ਨੂੰ 5 ਫਰਵਰੀ ਦੀ ਮੀਟਿੰਗ ਦਾ ਸੱਦਾ ਪੱਤਰ ਮਿਲਣ ਉਤੇ ਟੈਂਕੀਆਂ ਅਤੇ ਟਾਵਰਾਂ ਉਤੇ ਚੜੇ ਅਧਿਆਪਕ ਥੱਲੇ ਉਤਰ ਆਏ। ਇਸ ਮੌਕੇ ਸੂਬਾ ਖਜ਼ਾਨਚੀ ਗੁਰਮੁਖ ਸਿੰਘ ਪਟਿਆਲਾ, ਜਿਲਾ ਆਗੂ ਗੁਰਪ੍ਰੀਤ ਸਿੰਘ ਸਿੱਧੂ, ਅਜੈਬ ਸਿੰਘ ਟਾਂਡੀਆਂ, ਗੁਰਮੁਖ ਸਿੰਘ ਸਿਰਸਾ, ਗੌਰਵ ਕਾਂਤ, ਭਾਲੇਸ਼ ਸ਼ਰਮਾ, ਪਰਸ਼ੋਤਮ, ਹਰਪ੍ਰੀਤ ਸਿੰਘ ਭੁੱਲਰਹੇੜੀ, ਮਨਦੀਪ ਸਿੱਧੂ ਹਾਜ਼ਰ ਸਨ।