ਘੱਗਰ ਦੀ ਮਾਰ ਤੋਂ ਨਜਿੱਠਣ ਲਈ 11 ਮੈਂਬਰੀ ‘ਘੱਗਰ ਸੰਘਰਸ਼ ਕਮੇਟੀ’ ਗਠਿਤ
ਘੱਗਰ ਦੀ ਮਾਰ ਤੋਂ ਨਿਪਟਣ ਲਈ 11 ਮੈਂਬਰੀ “ਘੱਗਰ ਸੰਘਰਸ਼ ਕਮੇਟੀ” ਦਾ ਗਠਨ
Publish Date: Sat, 28 Mar 2026 05:29 PM (IST)
Updated Date: Sat, 28 Mar 2026 05:32 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪਿਛਲੇ ਕਈ ਸਾਲਾਂ ਤੋਂ ਘੱਗਰ ਦਰਿਆ ਦੀ ਮਾਰ ਝੱਲ ਰਹੇ ਹਲਕਾ ਘਨੌਰ ਦੇ ਲੋਕਾਂ ਵੱਲੋਂ ਇਸ ਸਮੱਸਿਆ ਦੇ ਪੱਕੇ ਹੱਲ ਲਈ ਅੱਜ ਪਿੰਡ ਮੰਜੋਲੀ ਵਿਖੇ ਇੱਕ ਸਰਬ ਸਾਂਝਾ ਇਕੱਠ ਕੀਤਾ ਗਿਆ। ਇਸ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਹਿੱਸਾ ਲਿਆ ਅਤੇ ਘੱਗਰ ਦਰਿਆ ਵਿੱਚ ਪੈ ਰਹੇ ਪਾੜਾਂ ਨੂੰ ਭਰਨ ਅਤੇ ਸਰਕਾਰ ਦਾ ਧਿਆਨ ਇਸ ਗੰਭੀਰ ਮਸਲੇ ਵੱਲ ਖਿੱਚਣ ਲਈ ਇੱਕ 11 ਮੈਂਬਰੀ ‘ਘੱਗਰ ਸੰਘਰਸ਼ ਕਮੇਟੀ’ ਦਾ ਗਠਨ ਕੀਤਾ ਗਿਆ, ਜੋ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੀ ਅਗਵਾਈ ਕਰੇਗੀ। ਇਕੱਠ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਕਮੇਟੀ ਵੱਲੋਂ ਜਲਦੀ ਹੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਜੇਕਰ ਸਰਕਾਰ ਵੱਲੋਂ ਘੱਗਰ ਵਿੱਚ ਪਏ ਪਾੜਾਂ ਨੂੰ ਭਰਨ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਕਮੇਟੀ ਵੱਲੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਕਮੇਟੀ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਕਿ ਜੇਕਰ ਪਿੰਡ ਪੱਧਰ ’ਤੇ ਲੋਕਾਂ ਨੂੰ ਆਪਣੇ ਤੌਰ ’ਤੇ ਪਾੜ ਭਰਨੇ ਪੈਂਦੇ ਹਨ ਤਾਂ ਕਮੇਟੀ ਵੱਲੋਂ 1500 ਲੀਟਰ ਡੀਜ਼ਲ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਮੌਕੇ ਗੁਰਸੇਵਕ ਸਿੰਘ ਅੰਟਾਲ ਨੇ ਮੌਜੂਦਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਘੱਗਰ ਦੇ ਪ੍ਰਬੰਧਾਂ ਲਈ ਪਾਸ ਕੀਤੇ ਗਏ 18 ਕਰੋੜ ਰੁਪਏ ਦੇ ਟੈਂਡਰ ਦੀ ਰਕਮ ਜੇਕਰ ਠੀਕ ਢੰਗ ਨਾਲ ਖਰਚ ਨਾ ਕੀਤੀ ਗਈ ਤਾਂ ਉਸ ਦੀ ਵੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਠੇਕੇਦਾਰਾਂ ਨੂੰ ਵੀ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਸਾਂਝ ਨਾਲ ਕਰਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਖ਼ਿਲਾਫ਼ ਕੜੀ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਕਮੇਟੀ ਦੇ ਮੈਂਬਰਾਂ ਵਿੱਚ ਗੁਰਸੇਵਕ ਸਿੰਘ ਅੰਟਾਲ, ਕੇਸਰ ਸਿੰਘ ਮੰਜੋਲੀ, ਜਸਬੀਰ ਸਿੰਘ ਨਨਹੇੜੀ, ਈਸ਼ਵਰ ਚੰਦ ਸਨੋਲੀਆ, ਬਿੱਟੂ ਮੰਜੋਲੀ, ਮਨਦੀਪ ਸਿੰਘ ਦੜੂਆ, ਬਲਵਿੰਦਰ ਸਿੰਘ ਸਰਾਲਾ ਖੁਰਦ, ਸੁਖਦੇਵ ਸਿੰਘ ਸਰਪੰਚ ਰਾਏਪੁਰ, ਸੁਰਿੰਦਰ ਸਿੰਘ ਬਘੋਰਾ ਅਤੇ ਗੁਰਪ੍ਰੀਤ ਸਿੰਘ ਕਾਮੀ ਖੁਰਦ ਸਮੇਤ ਹੋਰ ਇਲਾਕਾ ਵਾਸੀ ਮੌਜੂਦ ਸਨ।