ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 107 ਮਾਮਲੇ ਦਰਜ਼, 143 ਮੁਲਜ਼ਮ ਗ੍ਰਿਫ਼ਤਾਰ
ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 107 ਮਾਮਲੇ ਦਰਜ਼, 143 ਮੁਲਜ਼ਮ ਗ੍ਰਿਫ਼ਤਾਰ
Publish Date: Mon, 02 Feb 2026 04:58 PM (IST)
Updated Date: Tue, 03 Feb 2026 04:05 AM (IST)

ਜਨਵਰੀ ਮਹੀਨੇ ਦੌਰਾਨ ਸੰਗਰੂਰ ਪੁਲਿਸ ਨੇ ਤਿੰਨ ਕਤਲ ਕੇਸਾਂ ਨੂੰ ਕੀਤਾ ਟਰੇਸ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ’ਯੁੱਧ ਨਸ਼ਿਆਂ ਵਿਰੁੱਧ’ ਤੇ ’ਪਿੰਡਾਂ ਦੇ ਪਹਿਰੇਦਾਰ ’ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਜਨਵਰੀ ਮਹੀਨੇ ਦੌਰਾਨ ਡਰੱਗ ਦੇ 82 ਮੁਕੱਦਮੇ ਦਰਜ ਕਰ ਕੇ 117 ਦੋਸ਼ੀਆਂ ਨੂੰ ਕਾਬੂ ਕਰ ਕੇ 787 ਗ੍ਰਾਮ ਹੈਰੋਇਨ, 205 ਗ੍ਰਾਮ ਅਫ਼ੀਮ, 93 ਕਿੱਲੋ ਭੁੱਕੀ ਚੂਰਾ ਪੋਸਤ, 688 ਗ੍ਰਾਮ ਸੁਲਫ਼ਾ, 31 ਨਸ਼ੀਲੇ ਟੀਕੇ, 1835 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਈ ਗਈਆਂ। ਇਸ ਤੋਂ ਇਲਾਵਾ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ 25 ਮੁਕੱਦਮੇ ਦਰਜ ਕਰਕੇ 26 ਦੋਸ਼ੀਆਂ ਨੂੰ ਕਾਬੂ ਕਰਕੇ 504.500 ਲੀਟਰ ਸ਼ਰਾਬ ਠੇਕਾ ਦੇਸੀ, 125.250 ਲੀਟਰ ਸ਼ਰਾਬ ਨਜਾਇਜ਼, 26.250 ਲੀਟਰ ਸ਼ਰਾਬ ਅੰਗਰੇਜ਼ੀ ਅਤੇ 170 ਲੀਟਰ ਲਾਹਣ ਬਰਾਮਦ ਕਰਵਾਈ ਗਈ। ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅਸਲਾ ਐਕਟ ਤਹਿਤ ਦੋ ਮੁਕੱਦਮੇ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿੰਨਾ ਪਾਸੋਂ ਤਿੰਨ ਪਿਸਟਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਜੂਆ ਐਕਟ ਤਹਿਤ 13 ਮੁਕੱਦਮੇ ਦਰਜ ਕਰਕੇ 49 ਦੋਸ਼ੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 7,99,980/- ਰੁਪਏ ਬਰਾਮਦ ਕਰਾਏ ਗਏ। ਇਸ ਅਰਸੇ ਦੌਰਾਨ 25 ਪੀ.ਓਜ (ਭਗੌੜੇ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਤਿੰਨ ਕਤਲ ਕੇਸ ਟਰੇਸ ਕੀਤੇ ਗਏ ਹਨ, ਜਿਸ ਵਿੱਚ ਕੈਨੇਡਾ ਵਿਖੇ ਲੜਕੀ ਦਾ ਕਤਲ ਕਰਕੇ ਫ਼ਰਾਰ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਸਦਰ ਧੂਰੀ ਦੇ ਖੇਤਰ ਵਿੱਚ ਹੋਏ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਥਾਣਾ ਦਿੜ੍ਹਬਾ ਦੇ ਏਰੀਆ ਵਿੱਚ ਹੋਇਆ ਦੂਹਰਾ ਅੰਨ੍ਹਾ ਕਤਲ ਕੇਸ ਟਰੇਸ ਕਰਕੇ ਸਕੇ ਭਰਾ ਵੱਲੋਂ ਆਪਣੀ ਮਾਂ ਅਤੇ ਭੈਣ ਦਾ ਕਤਲ ਕਰਨ ਸਬੰਧੀ ਰਚੀ ਗਈ ਸਾਜਿਸ਼ ਦਾ ਪਰਦਾਫਾਸ਼ ਕੀਤਾ ਗਿਆ ਤੇ ਦੋਸ਼ੀ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਧਰਮਗੜ੍ਹ, ਲੌਂਗੋਵਾਲ ਅਤੇ ਮੂਨਕ ਦੇ ਏਰੀਆ ਵਿੱਚ ਚੋਰੀਆਂ ਕਰਨ ਵਾਲੇ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 1 ਕੁਇੰਟਲ 64 ਕਿੱਲੋ ਕਣਕ, 83 ਕਿੱਲੋ ਤਾਰਾਂ, 01 ਮੋਟਰਸਾਈਕਲ ਅਤੇ 01 ਕਾਲੀ ਥਾਰ ਬਰਾਮਦ ਕਰਵਾਈ ਗਈ। ਇਸ ਤੋਂ ਇਲਾਵਾ ਸੰਗਰੂਰ ਪ੍ਰਸ਼ਾਸਨ ਵੱਲੋਂ 02 ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰਕੇ ਪਿੰਡ ਹਰਿਆਊ ਵਿਖੇ ਬਣਾਈ ਗ਼ੈਰਕਨੂੰਨੀ ਪ੍ਰਾਪਰਟੀ, ਬੁਲਡੋਜ਼ਰ ਚਲਾ ਕੇ ਢਾਹ ਦਿੱਤੀ ਗਈ। ਥਾਣਾ ਖਨੌਰੀ ਅਤੇ ਲਹਿਰਾ ਦੇ ਏਰੀਆ ਵਿੱਚ ਚੋਰੀਆਂ/ਲੁੱਟਾਂ-ਖੋਹਾਂ ਕਰਨ ਵਾਲੇ 05 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 04 ਕਿੱਲੋਗਰਾਮ ਤਾਂਬਾ, 290 ਕਿੱਲੋਗਰਾਮ ਕਣਕ, 37 ਕਿੱਲੋਗਰਾਮ ਚਾਵਲ ਅਤੇ 01 ਸੋਨੇ ਦੀ ਬਾਲੀ ਬਰਾਮਦ ਕਰਵਾਈ ਗਈ।