ਪੰਜਾਬ ’ਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਖ਼ਿਲਾਫ਼ ਵਪਾਰੀਆਂ ਦਾ ਗੁੱਸਾ ਭੜਕਿਆ
ਪੰਜਾਬ ਵਿੱਚ ਵੱਧ ਰਹੀ ਅਪਰਾਧਿਕ ਘਟਨਾਵਾਂ ਖ਼ਿਲਾਫ਼ ਵਪਾਰੀਆਂ ਦਾ ਗੁੱਸਾ ਭੜਕਿਆ
Publish Date: Sat, 07 Mar 2026 04:53 PM (IST)
Updated Date: Sun, 08 Mar 2026 04:06 AM (IST)

ਫੋਟੋ : ਪਠਾਨਕੋਟ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਵਪਾਰ ਮੰਡਲ ਦੇ ਅਹੁਦੇਦਾਰ ਪੰਜਾਬ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ। * ਵਪਾਰ ਮੰਡਲ ਪਠਾਨਕੋਟ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ ਆਰ ਸਿੰਘ , ਪੰਜਾਬੀ ਜਾਗਰਣ ਪਠਾਨਕੋਟ : ਪੰਜਾਬ ’ਚ ਦਿਨੋ-ਦਿਨ ਖ਼ਰਾਬ ਹੋ ਰਹੀ ਕਾਨੂੰਨ ਵਿਵਸਥਾ ਅਤੇ ਬੇਖੌਫ਼ ਹੋ ਰਹੇ ਅਪਰਾਧੀਆਂ ਕਾਰਨ ਵਪਾਰੀ ਵਰਗ ਵਿੱਚ ਭਾਰੀ ਡਰ ਅਤੇ ਰੋਸ ਦੀ ਲਹਿਰ ਹੈ। ਇਸ ਮਸਲੇ ਨੂੰ ਲੈ ਕੇ ਵਪਾਰ ਮੰਡਲ ਪਠਾਨਕੋਟ ਵੱਲੋਂ ਪ੍ਰਧਾਨ ਦਪਿੰਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ। ਮੀਟਿੰਗ ਦਾ ਮੁੱਖ ਮਸਲਾ ਗੁਰਦਾਸਪੁਰ ਵਿੱਚ ਜਿਉਲਰੀ ਕਾਰੋਬਾਰੀ ਵਰੁਣ ਮਹਾਜਨ ਦੇ ਘਰ ਹੋਈ ਕਰੋੜਾਂ ਰੁਪਏ ਦੀ ਡਕੈਤੀ ਦੀ ਘਟਨਾ ਸੀ, ਜਿੱਥੇ ਦੋਸ਼ੀਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਵਪਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ, ਲੁੱਟਪਾਟ ਅਤੇ ਫਿਰੌਤੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਵਪਾਰੀ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਦੌਰਾਨ ਪ੍ਰਧਾਨ ਦਪਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਜੇਕਰ ਸਭ ਤੋਂ ਵੱਧ ਟੈਕਸ ਦੇਣ ਵਾਲਾ ਵਪਾਰੀ ਹੀ ਆਪਣੇ ਘਰ ਵਿੱਚ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਕੀ ਗਰੰਟੀ ਰਹਿ ਜਾਂਦੀ ਹੈ। ਉਨ੍ਹਾਂ ਸਰਕਾਰ ਅਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੰਜਾਬ ਦੇ ਜਰਨਲ ਸੈਕਟਰੀ ਐਲਆਰ ਸੋਢੀ ਨੇ ਕਿਹਾ ਕਿ ਵਪਾਰੀਆਂ ਨੂੰ ਵਿਦੇਸ਼ੀ ਅਤੇ ਸਥਾਨਕ ਗੈਂਗਸਟਰਾਂ ਵੱਲੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਹਨ, ਪਰ ਪੁਲਿਸ ਇਸ ਨੈੱਟਵਰਕ ਨੂੰ ਤੋੜਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਵਪਾਰੀਆਂ ਦੀ ਸੁਰੱਖਿਆ ਯਕੀਨੀ ਨਾ ਬਣਾਈ ਗਈ ਤਾਂ ਵਪਾਰਕ ਸੰਗਠਨ ਸਰਕਾਰ ਨੂੰ ਟੈਕਸ ਦੇਣਾ ਬੰਦ ਕਰਨ ਬਾਰੇ ਵੀ ਸੋਚ ਸਕਦੇ ਹਨ। ਦੇਸ਼ ਸਕੱਤਰ ਸੁਨੀਲ ਮਹਾਜਨ ਨੇ ਕਿਹਾ ਕਿ 15 ਮਾਰਚ ਨੂੰ ਵਪਾਰੀ ਸਥਾਪਨਾ ਦਿਵਸ ਮੌਕੇ ਪੂਰੇ ਪੰਜਾਬ ’ਚ ਮੌਜ਼ੂਦਾ ਹਾਲਾਤ ਖ਼ਿਲਾਫ਼ ਤਿੱਖਾ ਵਿਰੋਧ ਦਰਜ ਕਰਵਾਇਆ ਜਾਵੇਗਾ। ਸਰਾਫ਼ਾ ਸੰਘ ਪ੍ਰਧਾਨ ਧਰਮਪਾਲ ਚੌਹਾਨ ਨੇ ਕਿਹਾ ਕਿ ਜਿਉਲਰੀ ਦੇ ਘਰ ’ਚ ਘੁੱਸ ਕੇ ਡਕੈਤੀ ਕਰਨਾ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਪੁਲਿਸ ਨੂੰ ਅਜਿਹੀਆਂ ਵਾਰਦਾਤਾਂ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਐਲਆਰ ਸੋਢੀ, ਸੁਨੀਲ ਮਹਾਜਨ, ਧਰਮਪਾਲ ਚੌਹਾਨ, ਰਜਨੀਸ਼ ਮਹਾਜਨ, ਨਰਿੰਦਰ ਵਾਲੀਆ, ਰਾਜਿੰਦਰ ਮਹਾਜਨ, ਕੁਲਦੀਪ ਸਿੰਘ, ਦਵਿੰਦਰ ਮਿੰਟੂ, ਰਾਜੇਸ਼ ਸ਼ਰਮਾ, ਨਰੇਸ਼ ਅਰੋੜਾ, ਕਰਨ ਕੁੰਦਰਾ, ਸ਼ਿਵਮ ਗੁਲਾਟੀ, ਪ੍ਰਿੰਸ ਅਰੋੜਾ, ਵਿਪਿਨ ਵਰਮਾ, ਮਹਿੰਦਰ ਬੱਗਾ ਅਤੇ ਸੰਜੀਵ ਹਾਂਡਾ ਆਦਿ ਹਾਜ਼ਰ ਸਨ।