ਕਰੋੜਾਂ ਦੀ ਲਾਗਤ ਨਾਲ ਭੋਆ ਹਲਕੇ ਵਿੱਚ ਤਿੰਨ ਉੱਚ-ਪੱਧਰੀ ਪੁਲ ਬਣਨਗੇ : ਮੰਤਰੀ ਲਾਲ ਚੰਦ ਕਟਾਰੂਚੱਕ
ਹਲਕੇ ਵਿੱਚ ਤਿੰਨ ਉੱਚ-ਪੱਧਰੀ ਪੁਲ ਬਣਨਗੇ
Publish Date: Sun, 15 Mar 2026 04:54 PM (IST)
Updated Date: Sun, 15 Mar 2026 04:57 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਭੋਆ ਹਲਕੇ ਦੇ ਵਿਕਾਸ ਨੂੰ ਹੋਰ ਤੇਜ਼ ਕਰਨ ਲਈ ਤਿੰਨ ਮਹੱਤਵਪੂਰਨ ਉੱਚ-ਪੱਧਰੀ ਪੁਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਕੀਤੀ ਗਈ ਮੀਡੀਆ ਕਾਨਫਰੰਸ ਦੌਰਾਨ ਸੰਗਠਨ ਇੰਚਾਰਜ ਪਵਨ ਕੁਮਾਰ ਫੌਜੀ ਅਤੇ ਮਾਝਾ ਜ਼ੋਨ ਸਕੱਤਰ ਵੀਸੀ ਵਿੰਗ ਨਰੇਸ਼ ਸੈਣੀ ਵੀ ਮੌਜੂਦ ਸਨ। ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਪਹਿਲਾ ਉੱਚ-ਪੱਧਰੀ ਪੁਲ ਜੱਲ੍ਹੀਆਂ ਨਦੀ ਉੱਤੇ ਪੱਲ੍ਹਾ ਰੋਡ ‘ਤੇ ਕੋਹਲੀਆਂ–ਕਿਲਪੁਰ ਤੋਂ ਜੱਲ੍ਹੀਆਂ ਪੁਲ ਤੱਕ ਬਣਾਇਆ ਜਾਵੇਗਾ, ਜਿਸ ਦੀ ਲੰਬਾਈ 155 ਮੀਟਰ ਅਤੇ ਚੌੜਾਈ 12 ਮੀਟਰ ਹੋਵੇਗੀ ਅਤੇ ਇਸ ਦੀ ਲਾਗਤ ਕਰੀਬ 19 ਕਰੋੜ 80 ਲੱਖ 5 ਹਜ਼ਾਰ ਰੁਪਏ ਹੋਵੇਗੀ। ਦੂਜਾ ਪੁਲ ਕੋਹਲੀਆਂ–ਕਿਲਪੁਰ ਤੋਂ ਸ਼ਿੰਗਾਰਵਾਨ ਡਰੇਨ ਉੱਤੇ ਬਣੇਗਾ, ਜਿਸ ਦੀ ਲੰਬਾਈ 162 ਮੀਟਰ ਅਤੇ ਚੌੜਾਈ 12 ਮੀਟਰ ਹੋਵੇਗੀ ਅਤੇ ਇਸ ‘ਤੇ ਕਰੀਬ 21 ਕਰੋੜ 80 ਲੱਖ 3 ਹਜ਼ਾਰ ਰੁਪਏ ਖਰਚ ਹੋਣਗੇ। ਤੀਜਾ ਉੱਚ-ਪੱਧਰੀ ਪੁਲ ਘਰੋਟਾ–ਧੀਰਾ ਰੋਡ ‘ਤੇ ਗੁਲਪੁਰ ਰਿਵੁਲੇਟ ਉੱਤੇ ਬਣਾਇਆ ਜਾਵੇਗਾ, ਜਿਸ ਦੀ ਲੰਬਾਈ 85 ਮੀਟਰ ਅਤੇ ਚੌੜਾਈ 12 ਮੀਟਰ ਹੋਵੇਗੀ ਅਤੇ ਇਸ ਦੀ ਲਾਗਤ ਕਰੀਬ 18 ਕਰੋੜ 92 ਲੱਖ 23 ਹਜ਼ਾਰ ਰੁਪਏ ਆਏਗੀ। ਉਨ੍ਹਾਂ ਦੱਸਿਆ ਕਿ ਤਿੰਨਾਂ ਪੁਲਾਂ ਦੇ ਨਿਰਮਾਣ ‘ਤੇ ਕੁੱਲ ਲਾਗਤ ਲਗਭਗ 60 ਕਰੋੜ 58 ਲੱਖ ਰੁਪਏ ਆਵੇਗੀ। ਬਰਸਾਤ ਦੇ ਮੌਸਮ ਦੌਰਾਨ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਇਹ ਪੁਲ ਕਾਫ਼ੀ ਹੱਦ ਤੱਕ ਘਟਾਉਣਗੇ ਅਤੇ ਪਿੰਡਾਂ ਤੇ ਸ਼ਹਿਰਾਂ ਦਰਮਿਆਨ ਸੰਪਰਕ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਟੈਂਡਰ ਪ੍ਰਕਿਰਿਆ ਪੂਰੀ ਹੋਣ ਉਪਰੰਤ ਅਪ੍ਰੈਲ ਜਾਂ ਮਈ ਮਹੀਨੇ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭੋਆ ਹਲਕੇ ਵਿੱਚ ਸੜਕਾਂ, ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਖੇਤਰ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਕਟਾਰੂਚੱਕ ਨੇ ਇਹ ਵੀ ਕਿਹਾ ਕਿ ਸਰਹੱਦੀ ਖੇਤਰ ਹੋਣ ਕਰਕੇ ਮਜ਼ਬੂਤ ਬੁਨਿਆਦੀ ਢਾਂਚਾ ਬਹੁਤ ਜ਼ਰੂਰੀ ਹੈ। ਨਵੇਂ ਪੁਲ ਸਥਾਨਕ ਲੋਕਾਂ ਦੀ ਆਵਾਜਾਈ ਦੇ ਨਾਲ-ਨਾਲ ਲੋੜ ਪੈਣ ‘ਤੇ ਫੌਜ ਅਤੇ ਅਰਧ ਸੈਨਿਕ ਬਲਾਂ ਦੀ ਗਤੀਸ਼ੀਲਤਾ ਲਈ ਵੀ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਭੋਆ ਹਲਕੇ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਹ ਪ੍ਰੋਜੈਕਟ ਜਲਦੀ ਪੂਰੇ ਕੀਤੇ ਜਾਣਗੇ।