24 ਦੀ ਦਿੱਲੀ ਰੈਲੀ ’ਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਹੋਵੇਗੀ : ਕਾਮਰੇਡ ਸਹਿਗਲ
12 ਮਾਰਚ ਨੂੰ ਪਠਾਨਕੋਟ ਪੁੱਜਣ 'ਤੇ ਜੱਥੇ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ
Publish Date: Sat, 07 Mar 2026 04:46 PM (IST)
Updated Date: Sun, 08 Mar 2026 04:04 AM (IST)

ਫੋਟੋ : ਪਠਾਨਕੋਟ ਵਿਖੇ ਸੀ.ਪੀ.ਆਈ. (ਐਮ) ਜ਼ਿਲ੍ਹਾ ਕਮੇਟੀ ਦੀ ਮੀਟਿੰਗ ਦੌਰਾਨ ਹਾਜ਼ਰ ਪਾਰਟੀ ਆਗੂ। - 12 ਨੂੰ ਪਠਾਨਕੋਟ ਪੁੱਜਣ ਤੇ ਜੱਥੇ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ ਆਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਸੀਪੀਆਈ (ਐੱਮ) ਜ਼ਿਲ੍ਹਾ ਪਠਾਨਕੋਟ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਾਮਰੇਡ ਬਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਗਾਂਧੀ ਚੌਕ ਪਠਾਨਕੋਟ ਵਿਖੇ ਹੋਈ। ਇਸ ਮੀਟਿੰਗ ’ਚ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਸੁਧਾ ਰਾਣੀ, ਕਾਮਰੇਡ ਪਰਸ਼ੋਤਮ ਕੁਮਾਰ, ਕਾਮਰੇਡ ਦੇਵੀ ਸੈਣੀ, ਕਾਮਰੇਡ ਅਵਿਨਾਸ਼ ਸੈਣੀ, ਕਾਮਰੇਡ ਚਮਨ ਲਾਲ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਜਗਦੀਸ਼ ਰਾਜ ਤੇ ਕੇਵਲ ਕਾਲੀਆ ਹਾਜ਼ਰ ਸਨ। ਮੀਟਿੰਗ ਦੌਰਾਨ ਕੇਵਲ ਕਾਲੀਆ ਨੇ ਦੱਸਿਆ ਗਿਆ ਕਿ 24 ਮਾਰਚ ਨੂੰ ਦਿੱਲੀ ਵਿਖੇ ਹੋਣ ਵਾਲੀ ਰੈਲੀ ਤੋਂ ਪਹਿਲਾਂ ਦੇਸ਼ ਭਰ ਵਿੱਚ ਜੱਥਾ ਮਾਰਚ ਕੀਤਾ ਜਾ ਰਿਹਾ ਹੈ। ਪੰਜਾਬ ’ਚ ਇਹ ਮਾਰਚ ਸੁਰਸਿੰਘ ਤੋਂ ਸ਼ੁਰੂ ਹੋ ਕੇ 12 ਮਾਰਚ ਨੂੰ ਪਠਾਨਕੋਟ ਪੁੱਜੇਗਾ। ਇਸ ਮੌਕੇ ਲੇਬਰ ਸ਼ੈੱਡ ਵਿਖੇ ਜੱਥੇ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਆਏ ਹੋਏ ਆਗੂ ਮੌਜੂਦ ਲੋਕਾਂ ਨੂੰ ਸੰਬੋਧਨ ਕਰਨਗੇ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਕਾ ਸਹਿਗਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਨਾਲ ਸਬੰਧਤ ਕਾਨੂੰਨਾਂ ਵਿੱਚ ਤਬਦੀਲੀਆਂ ਕਰਕੇ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਢਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੇਬਰ ਕਾਨੂੰਨਾਂ ਦੀ ਥਾਂ ਚਾਰ ਕੋਡ ਬਣਾਏ ਗਏ ਹਨ, ਜੋ ਮਜ਼ਦੂਰਾਂ ਦੇ ਹੱਕਾਂ ਦੀ ਪੂਰੀ ਸੁਰੱਖਿਆ ਨਹੀਂ ਕਰਦੇ ਅਤੇ ਮਜ਼ਦੂਰਾਂ ਦੀ ਜੱਥੇਬੰਦੀ ਬਣਾਕੇ ਸੰਘਰਸ਼ ਕਰਨ ਦੀ ਸਮਰਥਾ ਨੂੰ ਕਮਜ਼ੋਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤ ਮਨਰੇਗਾ ਸਕੀਮ ਵਿੱਚ ਤਬਦੀਲੀਆਂ ਕਰਕੇ ਮਜ਼ਦੂਰਾਂ ਲਈ ਕੰਮ ਦੀ ਗਰੰਟੀ ਨੂੰ ਵੀ ਖਤਰੇ ਵਿੱਚ ਪਾਇਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਆਪਣਾ ਹਿੱਸਾ ਘਟਾ ਕੇ ਵਿੱਤੀ ਭਾਰ ਸੂਬਿਆਂ ਤੇ ਪਾ ਰਹੀ ਹੈ। ਕਾਮਰੇਡ ਸਹਿਗਲ ਨੇ ਕਿਹਾ ਕਿ ਬਿਜਲੀ ਸੋਧ ਬਿਲ ਨਾਲ ਬਿਜਲੀ ਉਤਪਾਦਨ ਅਤੇ ਵੰਡ ਦਾ ਨਿੱਜੀਕਰਨ ਹੋ ਸਕਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸਬਸਿਡੀਆਂ ਤੇ ਅਸਰ ਪਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਅਤੇ ਕਾਨੂੰਨਾਂ ਦੇ ਵਿਰੋਧ ਵਿੱਚ 24 ਮਾਰਚ ਨੂੰ ਦਿੱਲੀ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਪਠਾਨਕੋਟ ਤੋਂ ਵੀ ਰੇਲ ਰਾਹੀਂ ਵੱਡੀ ਗਿਣਤੀ ਵਿੱਚ ਸਾਥੀ ਸ਼ਮੂਲੀਅਤ ਕਰਨਗੇ।