ਸਰਨਾ ਨੇੜੇ ਕਾਰ ਤੇ ਟਰੱਕ ਦੀ ਟੱਕਰ ’ਚ ਨੌਜਵਾਨ ਦੀ ਮੌਤ
ਸਰਨਾ ਨੇੜੇ ਭਿਆਨਕ ਸੜਕ ਹਾਦਸਾ
Publish Date: Sat, 07 Mar 2026 05:51 PM (IST)
Updated Date: Sun, 08 Mar 2026 04:10 AM (IST)

ਫੋਟੋ : ਸਰਨਾ ਨੇੜੇ ਹੋਏ ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ ਸਕਾਰਪੀਓ ਗੱਡੀ। ਫੋਟੋ : ਹਾਦਸੇ ਵਿੱਚ ਮਾਰੇ ਗਏ ਨੌਜਵਾਨ ਨਿਤੀਸ਼ ਸ਼ਰਮਾ ਦੀ ਫਾਈਲ ਫੋਟੋ। ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਆ (ਪਠਾਨਕੋਟ) : ਅੰਮ੍ਰਿਤਸਰ–ਜੰਮੂ ਨੈਸ਼ਨਲ ਹਾਈਵੇ ’ਤੇ ਪੈਂਦੇ ਕਸਬਾ ਸਰਨਾ ਨੇੜੇ ਦੇਰ ਰਾਤ ਇਕ ਭਿਆਨਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ ਹੋਣ ਦੀ ਸੂਚਾਨਾ ਹੈ। ਇਸ ਹਾਦਸੇ ਕਾਰਨ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਨਿਤੀਸ਼ ਸ਼ਰਮਾ (30) ਵਾਸੀ ਪਿੰਡ ਭੋਆ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤੀਸ਼ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਤੇ ਪਿੰਡ ਭੋਆ ’ਚ ਗਹਿਰਾ ਸੋਗ ਛਾ ਗਿਆ ਹੈ। ਜਾਣਕਾਰੀ ਮੁਤਾਬਕ ਨਿਤੀਸ਼ ਸ਼ਰਮਾ ਦੇਰ ਰਾਤ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਤੋਂ ਵਾਪਸ ਘਰ ਆ ਰਿਹਾ ਸੀ। ਜਦੋਂ ਉਹ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ’ਤੇ ਪੈਂਦੇ ਸਰਨਾ ਨੇੜੇ ਪਹੁੰਚਿਆ ਤਾਂ ਉਸ ਦੀ ਕਾਲੇ ਰੰਗ ਦੀ ਸਕਾਰਪੀਓ ਗੱਡੀ (ਪੀਬੀ35-ਏਕਿਊ -3335) ਅਚਾਨਕ ਇੱਕ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਤੇ ਨਿਤੀਸ਼ ਸ਼ਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਤੇ ਸਦਰ ਪੁਲਿਸ ਦੇ ਮੁਲਾਜ਼ਮ ਤੁਰੰਤ ਮੌਕੇ ’ਤੇ ਪਹੁੰਚੇ। ਪੁਲਿਸ ਕਰਮਚਾਰੀਆਂ ਵੱਲੋਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਨੌਜਵਾਨ ਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਪਠਾਨਕੋਟ ਪਹੁੰਚਾਇਆ ਗਿਆ ਪਰ ਉੱਥੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤ ਐਲਾਨ ਦਿੱਤਾ। ਬਾਅਦ ’ਚ ਡਾਕਟਰਾਂ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਦੇ ਹੋਏ ਪੋਸਟਮਾਰਟਮ ਕਰ ਕੇ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸਰਨਾ ਤੇ ਮਲਕਪੁਰ ਵਿਚਲੇ ਸਰਵਿਸ ਰੋਡਾਂ ’ਤੇ ਅਕਸਰ 24 ਘੰਟੇ ਟਰੱਕ ਖੜ੍ਹੇ ਰਹਿੰਦੇ ਹਨ ਤੇ ਇਥੇ ਹੀ ਟਰੱਕ ਡਰਾਈਵਰਾਂ ਵੱਲੋਂ ਲੋਡਿੰਗ ਤੇ ਅਨਲੋਡਿੰਗ ਦਾ ਕੰਮ ਕੀਤਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਖੜੇ ਟਰੱਕ ਅਕਸਰ ਸੜਕ ਹਾਦਸਿਆਂ ਦਾ ਵੱਡਾ ਕਾਰਨ ਬਣਦੇ ਹਨ ਅਤੇ ਇਸ ਸਬੰਧੀ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਸਰਵਿਸ ਰੋਡਾਂ ‘ਤੇ ਖੜੇ ਟਰੱਕਾਂ ਨੂੰ ਹਟਾਉਣ ਲਈ ਢੁਕਵੇਂ ਕਦਮ ਚੁੱਕੇ ਜਾਂਦੇ ਤਾਂ ਸ਼ਾਇਦ ਇਸ ਨੌਜਵਾਨ ਦੀ ਜਾਨ ਬਚ ਸਕਦੀ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਸੜਕ ਸੁਰੱਖਿਆ ਦੇ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ ਅਤੇ ਸਰਵਿਸ ਰੋਡਾਂ ‘ਤੇ ਗੈਰਕਾਨੂੰਨੀ ਤਰੀਕੇ ਨਾਲ ਖੜੇ ਟਰੱਕਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਦੁਖਦਾਈ ਹਾਦਸਿਆਂ ਤੋਂ ਬਚਿਆ ਜਾ ਸਕੇ। ਪੁਲਿਸ ਥਾਣਾ ਸਦਰ ਪਠਾਨਕੋਟ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।