ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਸਖ਼ਤੀ
ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਸਖ਼ਤੀ
Publish Date: Sat, 24 Jan 2026 05:09 PM (IST)
Updated Date: Sun, 25 Jan 2026 04:07 AM (IST)
ਪਠਾਨਕੋਟ : ਸ਼ਹਿਰ ਵਿੱਚ ਵੱਧ ਰਹੀ ਗਲਤ ਪਾਰਕਿੰਗ ਅਤੇ ਸੜਕਾਂ ਉੱਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਟ੍ਰੈਫਿਕ ਪੁਲਿਸ ਵੱਲੋਂ ਨਗਰ ਨਿਗਮ ਦੀ ਟੀਮ ਦੇ ਸਹਿਯੋਗ ਨਾਲ ਲਗਾਤਾਰ ਤੀਜੇ ਦਿਨ ਸਖ਼ਤ ਕਾਰਵਾਈ ਕੀਤੀ ਗਈ। ਇਹ ਮੁਹਿੰਮ ਬੱਸ ਸਟੈਂਡ ਤੋਂ ਲੈ ਕੇ ਡਲਹੌਜ਼ੀ ਰੋਡ (ਏਪੀਕੇ ਰੋਡ) ਦੇ ਨੇੜਲੇ ਖੇਤਰ ਤੱਕ ਚਲਾਈ ਗਈ। ਕਾਰਵਾਈ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੁੱਲ 55 ਈ-ਚਲਾਨ ਕੱਟੇ ਗਏ, ਜਿਨ੍ਹਾਂ ’ਚੋਂ ਵੱਡੀ ਗਿਣਤੀ ਗਲਤ ਪਾਰਕਿੰਗ ਦੇ ਮਾਮਲਿਆਂ ਦੀ ਰਹੀ।
ਮੁਹਿੰਮ ਦਾ ਮੁੱਖ ਕੇਂਦਰ ਏਪੀਕੇ ਰੋਡ ’ਤੇ ਸੜਕ ਕਿਨਾਰੇ ਟੂ-ਵੀਲਰਾਂ ਦੀ ਸੇਲ-ਪਰਚੇਜ਼ ਕਰਨ ਵਾਲੇ ਵਿਅਕਤੀ ਰਹੇ। ਟ੍ਰੈਫਿਕ ਪੁਲਿਸ ਵੱਲੋਂ 8 ਤੋਂ 10 ਐਸੇ ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਪੰਜ ਲੋਕ ਪਿਛਲੇ ਦਿਨ ਦਿੱਤੀ ਗਈ ਚੇਤਾਵਨੀ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ, ਜਿਸ ’ਤੇ ਉਨ੍ਹਾਂ ਦੇ ਚਲਾਨ ਕੱਟੇ ਗਏ।
ਪਟਾਖੇ ਵਾਲੇ ਸਾਈਲੈਂਸਰ, ਬਲੈਕ ਫ਼ਿਲਮ ਅਤੇ ਗਲਤ ਪਾਰਕਿੰਗ ’ਤੇ ਐਕਸ਼ਨ ਕਾਰਵਾਈ ਦੌਰਾਨ ਇੱਕ ਬੁਲੇਟ ਮੋਟਰਸਾਈਕਲ, ਜਿਸਦਾ ਸਾਈਲੈਂਸਰ ਉੱਚੀ ਅਤੇ ਪਟਾਕਿਆਂ ਵਰਗੀ ਆਵਾਜ਼ ਕਰ ਰਿਹਾ ਸੀ ਅਤੇ ਜੋ ਗਲਤ ਪਾਰਕਿੰਗ ਵਿੱਚ ਖੜ੍ਹੀ ਸੀ, ਉਸ ’ਤੇ ਦੋ ਵੱਖ-ਵੱਖ ਉਲੰਘਣਾਵਾਂ ਹੇਠ ਚਲਾਨ ਕੀਤਾ ਗਿਆ। ਇਸ ਤੋਂ ਇਲਾਵਾ ਬਲੈਕ ਫ਼ਿਲਮ ਲਗਾਈ ਇੱਕ ਫੋਰ-ਵ੍ਹੀਲਰ ਗੱਡੀ ਅਤੇ ਇੱਕ ਛੋਟਾ ਹਾਥੀ ਵਾਹਨ ਖ਼ਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਈ ਗਈ।
ਟ੍ਰੈਫਿਕ ਪੁਲਿਸ ਦੇ ਨਾਲ ਨਗਰ ਨਿਗਮ ਦੀ ਟੀਮ ਨੇ ਸੜਕਾਂ ਉੱਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਵੀ ਹਟਵਾਇਆ। ਇਸ ਦੌਰਾਨ ਕਈ ਦੁਕਾਨਦਾਰਾਂ ਦਾ ਸੜਕ ਉੱਤੇ ਪਿਆ ਸਾਮਾਨ ਜ਼ਬਤ ਕੀਤਾ ਗਿਆ ਅਤੇ ਅੱਗੇ ਤੋਂ ਨਜਾਇਜ਼ ਕਬਜੇ ਨਾ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਗਈ।
ਟ੍ਰੈਫਿਕ ਵਿਭਾਗ ਵੱਲੋਂ ਦੱਸਿਆ ਗਿਆ ਕਿ ਕੱਟੇ ਗਏ ਚਲਾਨਾਂ ਵਿੱਚ ਬਿਨਾਂ ਹੈਲਮਟ, ਬਿਨਾਂ ਸੀਟ ਬੈਲਟ, ਬਿਨਾਂ ਇੰਸ਼ੋਰੈਂਸ, ਬਿਨਾਂ ਡਰਾਈਵਿੰਗ ਲਾਇਸੈਂਸ, ਪੋਲਿਊਸ਼ਨ ਸਰਟੀਫਿਕੇਟ ਨਾ ਹੋਣਾ ਅਤੇ ਗਲਤ ਪਾਰਕਿੰਗ ਵਰਗੀਆਂ ਉਲੰਘਣਾਵਾਂ ਸ਼ਾਮਲ ਹਨ।ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀਆਂ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ।