Road Accident : ਹਰਿਆਣਾ ਰੋਡਵੇਜ਼ ਦੀ ਬੱਸ ਨੇ ਸਕੂਟੀ ਨੂੰ ਮਾਰੀ ਟੱਕਰ, ਬੱਚੇ ਦੀ ਮੌਤ; ਪਤੀ-ਪਤਨੀ ਗੰਭੀਰ ਜ਼ਖ਼ਮੀ
ਉਸ ਨੇ ਦੱਸਿਆ ਕਿ ਜਦੋਂ ਉਹ ਨੈਸ਼ਨਲ ਹਾਈਵੇ-44 'ਤੇ ਡਾਊਨ ਟਾਊਨ-44 ਨੇੜੇ ਬਣੇ ਕੱਟ 'ਤੇ ਪਹੁੰਚੇ ਤਾਂ ਅਜੈ ਕੁਮਾਰ ਸੜਕ ਪਾਰ ਕਰਨ ਲਈ ਸਕੂਟੀ ਖੜੀ ਕਰਕੇ ਖੜਾ ਸੀ। ਇਸ ਦੌਰਾਨ ਜੰਮੂ-ਕਸ਼ਮੀਰ ਵੱਲੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬੱਸ ਚਲਾਉਂਦੇ ਹੋਏ ਗਲਤ ਪਾਸੇ ਤੋਂ ਆ ਕੇ ਖੜੀ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
Publish Date: Thu, 05 Mar 2026 07:31 PM (IST)
Updated Date: Thu, 05 Mar 2026 07:33 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਨੈਸ਼ਨਲ ਹਾਈਵੇ-44 'ਤੇ ਡਾਊਨ ਟਾਊਨ-44 ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਨੇ ਇੱਕ ਸਕੂਟੀ ਨੂੰ ਟੱਕਰ ਮਾਰੀ। ਜਿਸ ਕਾਰਣ ਸਕੂਟੀ ਸਵਾਰ ਪਤੀ-ਪਤਨੀ ਗੰਭੀਰ ਜ਼ਖ਼ਮੀ ਜਦੋਂਕਿ ਉਹਨਾਂ ਦੇ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਕੋਲ ਆਪਣੇ ਦਰਜ ਕਰਵਾਏ ਬਿਆਨਾਂ ਵਿੱਚ ਬਧਾਣੀ ਵਾਸੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦਾਮਾਦ ਅਜੈ ਕੁਮਾਰ, ਧੀ ਰੇਖਾ ਦੇਵੀ ਅਤੇ ਦੋਹਤੇ ਆਰਵ ਸ਼ਰਮਾ ਵਾਸੀ ਸੈਲੀ ਕੁਲੀਆਂ ਨਾਲ ਸਕੂਟੀ ਐਕਟਿਵਾ 'ਤੇ ਘਰ ਤੋਂ ਡੀ-ਮਾਰਟ ਸੁਜਾਨਪੁਰ ਵੱਲ ਪਿੰਡ ਇਸਲਾਮਪੁਰ ਜਾ ਰਹੇ ਸਨ।
ਉਸ ਦਾ ਦਾਮਾਦ ਅਜੈ ਕੁਮਾਰ ਆਪਣੀ ਸਕੂਟੀ 'ਤੇ ਧੀ ਰੇਖਾ ਦੇਵੀ ਅਤੇ ਦੋਹਤੇ ਆਰਵ ਸ਼ਰਮਾ ਨੂੰ ਲੈ ਕੇ ਅੱਗੇ ਜਾ ਰਿਹਾ ਸੀ, ਜਦਕਿ ਸੁਰਿੰਦਰ ਕੁਮਾਰ ਆਪਣੀ ਸਕੂਟੀ 'ਤੇ ਪਿੱਛੇ ਆ ਰਿਹਾ ਸੀ।
ਉਸ ਨੇ ਦੱਸਿਆ ਕਿ ਜਦੋਂ ਉਹ ਨੈਸ਼ਨਲ ਹਾਈਵੇ-44 'ਤੇ ਡਾਊਨ ਟਾਊਨ-44 ਨੇੜੇ ਬਣੇ ਕੱਟ 'ਤੇ ਪਹੁੰਚੇ ਤਾਂ ਅਜੈ ਕੁਮਾਰ ਸੜਕ ਪਾਰ ਕਰਨ ਲਈ ਖੜ੍ਹਾ ਸੀ। ਇਸ ਦੌਰਾਨ ਜੰਮੂ-ਕਸ਼ਮੀਰ ਵੱਲੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬੱਸ ਚਲਾਉਂਦੇ ਹੋਏ ਗਲਤ ਪਾਸੇ ਤੋਂ ਆ ਕੇ ਖੜ੍ਹੀ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਲੱਗਣ ਨਾਲ ਅਜੈ ਕੁਮਾਰ, ਰੇਖਾ ਦੇਵੀ ਅਤੇ ਆਰਵ ਸ਼ਰਮਾ ਸੜਕ 'ਤੇ ਡਿੱਗ ਗਏ ਅਤੇ ਸਕੂਟੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿੱਚ ਅਜੈ ਕੁਮਾਰ ਅਤੇ ਰੇਖਾ ਦੇਵੀ ਦੀਆਂ ਲੱਤਾਂ ਟੁੱਟ ਗਈਆਂ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਆਰਵ ਸ਼ਰਮਾ ਦੇ ਸਿਰ ਅਤੇ ਸਰੀਰ 'ਤੇ ਭਾਰੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਸੁਰਿੰਦਰ ਕੁਮਾਰ ਨੇ ਰਾਹਗੀਰਾਂ ਦੀ ਮਦਦ ਨਾਲ ਤਿੰਨਾਂ ਜ਼ਖ਼ਮੀਆਂ ਨੂੰ ਇਲਾਜ ਲਈ ਮਲਿਕਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਆਰਵ ਸ਼ਰਮਾ ਦੀ ਮੌਤ ਹੋ ਗਈ। ਹਾਦਸੇ ਵਿੱਚ ਅਜੈ ਕੁਮਾਰ ਦੀ ਇੱਕ ਲੱਤ ਕੱਟਣੀ ਪਈ, ਜਦਕਿ ਰੇਖਾ ਦੇਵੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ।
ਸੁਜਾਨਪੁਰ ਥਾਣਾ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਬੱਸ ਡਰਾਈਵਰ ਵਿਨੋਦ ਕੁਮਾਰ ਵਾਸੀ ਕੈਲਾਨਾ, ਗਨੌਰ (ਹਰਿਆਣਾ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।