ਅੱਡਾ ਭਵਾਨੀ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇਕ ਔਰਤ ਜ਼ਖ਼ਮੀ ਹੋ ਗਈ। ਇਹ ਹਾਦਸਾ ਸੜਕ 'ਤੇ ਅਚਾਨਕ ਆਏ ਅਵਾਰਾ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਦੱਸਿਆ ਜਾ ਰਿਹਾ ਹੈ।
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਅੱਡਾ ਭਵਾਨੀ ਨੇੜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇਕ ਔਰਤ ਜ਼ਖ਼ਮੀ ਹੋ ਗਈ। ਇਹ ਹਾਦਸਾ ਸੜਕ 'ਤੇ ਅਚਾਨਕ ਆਏ ਅਵਾਰਾ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਦੱਸਿਆ ਜਾ ਰਿਹਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਪਿੰਡ ਮੀਲਵਾਂ ਵਾਸੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਡਰਾਈਵਰ ਹੈ ਅਤੇ ਸ਼ਾਮ ਸਮੇਂ ਆਪਣੇ ਨਿੱਜੀ ਕੰਮ ਸਬੰਧੀ ਅੱਡਾ ਭਵਾਨੀ ਗਿਆ ਹੋਇਆ ਸੀ। ਇਸ ਦੌਰਾਨ ਉਸਨੇ ਵੇਖਿਆ ਕਿ ਉਸਦਾ ਪੁੱਤਰ ਸੌਰਭ ਆਪਣੇ ਮੋਟਰਸਾਈਕਲ 'ਤੇ ਘਰੋਟਾ ਵੱਲੋਂ ਦੀਨਾਨਗਰ ਸਾਈਡ ਨੂੰ ਜਾ ਰਿਹਾ ਸੀ। ਉਸ ਦੇ ਮੋਟਰਸਾਈਕਲ ਦੇ ਪਿੱਛੇ ਪਿੰਡ ਮੀਲਵਾਂ ਦਾ ਹੀ ਨੌਜਵਾਨ ਕ੍ਰਿਸ਼ਨਾ ਬੈਠਿਆ ਹੋਇਆ ਸੀ।
ਇਸੇ ਸਮੇਂ ਦੀਨਾਨਗਰ ਪਾਸੇ ਤੋਂ ਘਰੋਟਾ ਵੱਲ ਇਕ ਹੋਰ ਮੋਟਰਸਾਈਕਲ ਆ ਰਿਹਾ ਸੀ, ਜਿਸਨੂੰ ਇਕ ਨੌਜਵਾਨ ਚਲਾ ਰਿਹਾ ਸੀ ਅਤੇ ਉਸਦੇ ਪਿੱਛੇ ਔਰਤ ਬੈਠੀ ਹੋਈ ਸੀ। ਜਦੋਂ ਦੋਵੇਂ ਮੋਟਰਸਾਈਕਲ ਅੱਡਾ ਭਵਾਨੀ ਨੇੜੇ ਇੱਕ-ਦੂਜੇ ਨੂੰ ਕ੍ਰਾਸ ਕਰਨ ਲੱਗੇ ਤਾਂ ਅਚਾਨਕ ਸੜਕ ਦੇ ਵਿਚਕਾਰ ਅਵਾਰਾ ਕੁੱਤਾ ਆ ਗਿਆ।
ਦੋਵੇਂ ਮੋਟਰਸਾਈਕਲ ਸਵਾਰਾਂ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਦੋਵਾਂ ਮੋਟਰਸਾਈਕਲਾਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸੌਰਭ, ਉਸਦੇ ਪਿੱਛੇ ਬੈਠਾ ਕ੍ਰਿਸ਼ਨਾ ਅਤੇ ਦੂਜੇ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਅਤੇ ਉਸਦੇ ਪਿੱਛੇ ਬੈਠੀ ਔਰਤ ਸੜਕ ’ਤੇ ਡਿੱਗ ਗਏ ਅਤੇ ਚਾਰਾਂ ਨੂੰ ਗੰਭੀਰ ਸੱਟਾਂ ਆਈਆਂ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ।
ਹਸਪਤਾਲ ’ਚ ਇਲਾਜ ਦੌਰਾਨ ਰਾਜੇਸ਼ ਕੁਮਾਰ ਦੇ ਪੁੱਤਰ ਸੌਰਭ ਦੀ ਮੌਤ ਹੋ ਗਈ। ਜਦਕਿ ਉਸਦੇ ਮੋਟਰਸਾਈਕਲ ਦੇ ਪਿੱਛੇ ਬੈਠੇ ਕ੍ਰਿਸ਼ਨਾ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਬਾਅਦ ’ਚ ਪਤਾ ਲੱਗਾ ਕਿ ਦੂਜੇ ਮੋਟਰਸਾਈਕਲ ਨੂੰ ਮਨਿੰਦਰ ਸਿੰਘ ਵਾਸੀ ਪਿੰਡ ਰਮਵਾਲ ਜ਼ਿਲ੍ਹਾ ਗੁਰਦਾਸਪੁਰ ਚਲਾ ਰਿਹਾ ਸੀ ਅਤੇ ਉਸਦੇ ਪਿੱਛੇ ਉਸਦੀ ਮਾਤਾ ਰਜਿੰਦਰ ਕੌਰ ਬੈਠੀ ਹੋਈ ਸੀ।
ਹਸਪਤਾਲ ’ਚ ਇਲਾਜ ਦੌਰਾਨ ਮਨਿੰਦਰ ਸਿੰਘ ਦੀ ਵੀ ਮੌਤ ਹੋ ਗਈ, ਜਦਕਿ ਰਜਿੰਦਰ ਕੌਰ ਦਾ ਇਲਾਜ ਜਾਰੀ ਹੈ।ਰਾਜੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਇਹ ਹਾਦਸਾ ਸੜਕ 'ਤੇ ਅਚਾਨਕ ਆਏ ਅਵਾਰਾ ਕੁੱਤੇ ਕਾਰਨ ਵਾਪਰਿਆ ਹੈ ਅਤੇ ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਘਰੋਟਾ ਚੌਕੀ ਇੰਚਾਰਜ ਏਐਸਆਈ ਸਰਤਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸਿਵਲ ਹਸਪਤਾਲ ’ਚ ਦੋਵੇਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।