31 ਮਾਰਚ ਤਕ ਨਵੇਂ ਫੀਡਰ ਚਾਲੂ ਕਰਨ ਦਾ ਐਲਾਨ
ਬਿਜਲੀ ਸੰਕਟ ਖ਼ਿਲਾਫ਼ ਪਠਾਨਕੋਟ ਵਪਾਰ ਮੰਡਲ ਨੇ ਐਕਸੀਅਨ ਨਾਲ ਕੀਤੀ ਮੀਟਿੰਗ
Publish Date: Fri, 06 Feb 2026 04:02 PM (IST)
Updated Date: Sat, 07 Feb 2026 03:59 AM (IST)

ਆਰ .ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸ਼ਹਿਰ ਵਿੱਚ ਲਗਾਤਾਰ ਵਧ ਰਹੇ ਬਿਜਲੀ ਸੰਕਟ ਅਤੇ ਅਣਐਲਾਨੇ ਕੱਟਾਂ ਨੇ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ। ਇਸ ਗੰਭੀਰ ਹਾਲਾਤ ਨੂੰ ਲੈ ਕੇ ਪਠਾਨਕੋਟ ਵਪਾਰ ਮੰਡਲ ਨੇ ਸਖ਼ਤ ਰੁਖ ਅਪਣਾਉਂਦਿਆਂ ਪ੍ਰਧਾਨ ਮਨਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਵਫ਼ਦ ਨੇ ਪਾਵਰਕਾਮ ਦੇ ਐਕਸੀਅਨ ਜਸਵਿੰਦਰ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਲੱਕੀ ਨੇ ਕਿਹਾ ਕਿ ਸ਼ਹਿਰ ਖ਼ਾਸ ਕਰਕੇ ਇੰਡਸਟਰੀਅਲ ਏਰੀਆ ਵਿੱਚ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਬਿਜਲੀ ਦੇ ਲੰਮੇ ਕੱਟ ਲਗਾਏ ਜਾ ਰਹੇ ਹਨ। ਇਸ ਕਾਰਨ ਫੈਕਟਰੀਆਂ ਵਿੱਚ ਚੱਲ ਰਹੀਆਂ ਮਸ਼ੀਨਾਂ ਅਚਾਨਕ ਬੰਦ ਹੋ ਜਾਂਦੀਆਂ ਹਨ, ਜਿਸ ਨਾਲ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਚਾਨਕ ਬਿਜਲੀ ਬੰਦ ਹੋਣ ਨਾਲ ਮਸ਼ੀਨਰੀ ਖਰਾਬ ਹੋਣ ਅਤੇ ਕੱਚੇ ਮਾਲ ਦੇ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਵਪਾਰੀਆਂ ਨੂੰ ਆਰਥਿਕ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਕਾਰੋਬਾਰ ਹਾਲੇ ਪਟੜੀ ’ਤੇ ਆ ਹੀ ਰਹੇ ਸਨ ਕਿ ਬਿਜਲੀ ਸੰਕਟ ਨੇ ਵਪਾਰ ਦੀ ਰਫ਼ਤਾਰ ਰੋਕ ਦਿੱਤੀ ਹੈ। ਐਕਸੀਅਨ ਜਸਵਿੰਦਰ ਸਿੰਘ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਕਿਹਾ ਕਿ ਲੋਡ ਵਧਣ ਅਤੇ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਦਿੱਕਤ ਆ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਭਾਗ ਵੱਲੋਂ ਬਿਜਲੀ ਸਪਲਾਈ ਸੁਚਾਰੂ ਬਣਾਉਣ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇੰਡਸਟਰੀਅਲ ਏਰੀਆ ਅਤੇ ਸ਼ਹਿਰ ਲਈ ਨਵੇਂ ਬਿਜਲੀ ਫੀਡਰ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਕੰਮ ਅੰਤਿਮ ਪੜਾਅ ਵਿੱਚ ਹੈ ਅਤੇ 31 ਮਾਰਚ ਤੱਕ ਇਹ ਪੂਰੀ ਤਰ੍ਹਾਂ ਚਾਲੂ ਕਰ ਦਿੱਤੇ ਜਾਣਗੇ। ਫੀਡਰ ਚਾਲੂ ਹੋਣ ਨਾਲ ਲੋਡ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਅਨਿਲ ਮਹਾਜਨ ਅਤੇ ਵਾਈਸ ਚੇਅਰਮੈਨ ਵਿਪਿਨ ਮਹਾਜਨ ਨੇ ਵੀ ਮੰਗ ਕੀਤੀ ਕਿ ਜਦ ਤੱਕ ਨਵੇਂ ਫੀਡਰ ਚਾਲੂ ਨਹੀਂ ਹੁੰਦੇ, ਤਦ ਤੱਕ ਅਣਐਲਾਨੇ ਕੱਟਾਂ ਵਿੱਚ ਕਮੀ ਲਿਆਂਦੀ ਜਾਵੇ ਤਾਂ ਜੋ ਵਪਾਰੀਆਂ ਤੇ ਉਦਯੋਗਾਂ ਨੂੰ ਕੁਝ ਰਾਹਤ ਮਿਲ ਸਕੇ।