Pathankot Accident : ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ
ਸ਼ਹਿਰ ਦੇ ਡਲਹੌਜ਼ੀ ਰੋਡ 'ਤੇ ਵਾਪਰੇ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਹਾਦਸੇ ਦੀ ਭਿਆਨਕਤਾ ਸਪਸ਼ਟ ਹੋ ਗਈ ਹੈ, ਜਿਸ ਵਿੱਚ ਕਾਰ ਦੀ ਬੇਹੱਦ ਤੇਜ਼ ਰਫ਼ਤਾਰ ਸਾਫ਼ ਦਿਖਾਈ ਦੇ ਰਹੀ ਹੈ।
Publish Date: Sat, 31 Jan 2026 08:56 PM (IST)
Updated Date: Sat, 31 Jan 2026 09:00 PM (IST)
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸ਼ਹਿਰ ਦੇ ਡਲਹੌਜ਼ੀ ਰੋਡ 'ਤੇ ਵਾਪਰੇ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਹਾਦਸੇ ਦੀ ਭਿਆਨਕਤਾ ਸਪਸ਼ਟ ਹੋ ਗਈ ਹੈ, ਜਿਸ ਵਿੱਚ ਕਾਰ ਦੀ ਬੇਹੱਦ ਤੇਜ਼ ਰਫ਼ਤਾਰ ਸਾਫ਼ ਦਿਖਾਈ ਦੇ ਰਹੀ ਹੈ।
ਮ੍ਰਿਤਕਾਂ ਦੀ ਪਛਾਣ 21 ਸਾਲਾ ਯੋਗੇਸ਼ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਢਾਂਗੂ ਰੋਡ ਪਠਾਨਕੋਟ ਅਤੇ 20 ਸਾਲਾ ਮਨੁਭਵ ਪੁੱਤਰ ਰਾਕੇਸ਼ ਕੁਮਾਰ ਵਾਸੀ ਸੁਜਾਨਪੁਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਮਨੁਭਵ ਡਲਹੌਜ਼ੀ ਰੋਡ ਸਥਿਤ ਇੱਕ ਨਿੱਜੀ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ। ਰੈਸਟੋਰੈਂਟ ਵਲੋਂ ਕਿਸੇ ਜਰੂਰੀ ਕੰਮ ਲਈ ਉਸਨੂੰ ਬਾਹਰ ਭੇਜਿਆ ਗਿਆ ਸੀ ਅਤੇ ਉਹ ਆਪਣੇ ਸਾਥੀ ਯੋਗੇਸ਼ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ।
ਜਦੋਂ ਦੋਵੇਂ ਨੌਜਵਾਨ ਇੱਕ ਹਸਪਤਾਲ ਦੇ ਸਾਹਮਣੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਨੌਜਵਾਨ ਹਵਾ ਵਿੱਚ ਉਛਲ ਕੇ ਦੂਰ ਜਾ ਡਿੱਗੇ। ਯੋਗੇਸ਼ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮਨੁਭਵ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ।ਦੋਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਲਿਆਂਦਾ ਗਿਆ। ਇਸ ਹਾਦਸੇ ਤੋਂ ਬਾਅਦ ਦੋਵੇਂ ਪਰਿਵਾਰਾਂ ਵਿੱਚ ਗਹਿਰਾ ਸੋਗ ਛਾ ਗਿਆ ਹੈ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਸਪਸ਼ਟ ਹੈ ਕਿ ਕਾਰ ਚਾਲਕ ਬੇਹੱਦ ਤੇਜ਼ ਰਫ਼ਤਾਰ ਵਿੱਚ ਸੀ ਅਤੇ ਹਾਦਸਾ ਉਸ ਦੀ ਲਾਪਰਵਾਹੀ ਕਾਰਨ ਵਾਪਰਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਤੇ ਗੰਭੀਰ ਜਾਂਚ ਕਰਕੇ ਦੋਸ਼ੀ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਇਨਸਾਫ਼ ਮਿਲ ਸਕੇ।ਪੁਲਿਸ ਵੱਲੋਂ ਘਟਨਾ ਸਥਾਨ ਦਾ ਮੁਆਇਨਾ ਕਰਕੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।