- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਰੋਗੇਜ ਗੱਡੀਆਂ ਦਾ ਸੰਚਾਲਨ ਪਠਾਨਕੋਟ ਤੋਂ ਹੀ ਕੀਤਾ ਜਾਵੇ

ਫੋਟੋ : ਪਠਾਨਕੋਟ ਰੇਲਵੇ ਸਟੇਸ਼ਨ ਵਿਖੇ ਗੇਟ ਮੀਟਿੰਗ ਦੌਰਾਨ ਸੰਬੋਧਨ ਕਰਦੇ ਮੰਡਲ ਸਕੱਤਰ ਕਾਮਰੇਡ ਸ਼ਿਵ ਦੱਤ ਅਤੇ ਨਾਲ ਹਨ ਯੂਨੀਅਨ ਦੇ ਆਗੂ।
ਅੰਕੁਰ ਮਹਾਜਨ, ਪੰਜਾਬੀ ਜਾਗਰਣ
ਪਠਾਨਕੋਟ ਕੈਂਟ : ਨਾਰਦਰਨ ਰੇਲਵੇ ਮੈਂਸ ਯੂਨੀਅਨ ਸ਼ਾਖਾ ਪਠਾਨਕੋਟ ਵੱਲੋਂ ਸ਼ਾਖਾ ਪ੍ਰਧਾਨ ਕਾਮਰੇਡ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਸਥਾਨਕ ਰੇਲਵੇ ਸਟੇਸ਼ਨ ਵਿਖੇ ਗੇਟ ਮੀਟਿੰਗ ਕਰ ਕੇ ਨੈਰੋਗੇਜ ਸੈਕਸ਼ਨ ਨੂੰ ਡਲਹੌਜ਼ੀ ਰੋਡ ਸਟੇਸ਼ਨ ਵੱਲ ਸ਼ਿਫਟ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ। ਮੀਟਿੰਗ ਦਾ ਮੰਚ ਸੰਚਾਲਨ ਸ਼ਾਖਾ ਸਕੱਤਰ ਕਾਮਰੇਡ ਲਖਬੀਰ ਸਿੰਘ ਨੇ ਕੀਤਾ। ਇਸ ਮੌਕੇ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਨੈਰੋਗੇਜ ਗੱਡੀਆਂ ਦਾ ਸੰਚਾਲਨ ਪਠਾਨਕੋਟ ਤੋਂ ਹੀ ਕੀਤਾ ਜਾਵੇ ਅਤੇ ਟ੍ਰੇਨ ਓਪਰੇਸ਼ਨ ਸੁਚਾਰੂ ਬਣਾਉਣ ਲਈ ਸਟਾਫ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦੇ ਮੰਡਲ ਸਕੱਤਰ ਕਾਮਰੇਡ ਸ਼ਿਵ ਦੱਤ ਨੇ ਕਿਹਾ ਕਿ ਰੇਲਵੇ ਪ੍ਰਸ਼ਾਸਨ ਵੱਲੋਂ ਨੈਰੋਗੇਜ ਗੱਡੀਆਂ ਚਲਾਉਣ ਦਾ ਫੈਸਲਾ ਤਾਂ ਕਰ ਦਿੱਤਾ ਗਿਆ ਹੈ ਪਰ ਸਟਾਫ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਟਾਫ ਦੀ ਘਾਟ ਕਾਰਨ ਟ੍ਰੈਫਿਕ ਸਟਾਫ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਗੱਡੀਆਂ ਦੇ ਸੰਚਾਲਨ 'ਤੇ ਵੀ ਨਕਾਰਾਤਮਕ ਅਸਰ ਪਵੇਗਾ। ਉਨ੍ਹਾਂ ਦੱਸਿਆ ਕਿ ਬਰਾਡ ਗੇਜ ਅਤੇ ਨੈਰੋਗੇਜ ਦੇ ਸੰਚਾਲਨ ਵਿੱਚ ਕਾਫੀ ਅੰਤਰ ਹੁੰਦਾ ਹੈ, ਇਸ ਲਈ ਬਿਨਾਂ ਪੂਰੇ ਸਟਾਫ ਦੇ ਗੱਡੀਆਂ ਚਲਾਉਣਾ ਠੀਕ ਨਹੀਂ।
ਉਨ੍ਹਾਂ ਡਲਹੌਜ਼ੀ ਰੋਡ ਸਟੇਸ਼ਨ ਤੋਂ ਗੱਡੀਆਂ ਚਲਾਉਣ ਦੇ ਫੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਇੰਟਰਲਾਕਿੰਗ ਗੇਟ ਸਿਗਨਲ ਲਗਾ ਦਿੱਤੇ ਜਾਣ ਤਾਂ ਗੱਡੀ ਸਿਰਫ਼ ਦੋ ਮਿੰਟ ਰੁਕ ਕੇ ਅੱਗੇ ਵੱਧ ਸਕਦੀ ਹੈ ਅਤੇ ਰੇਲਵੇ ਗੇਟ ਲੰਮੇ ਸਮੇਂ ਲਈ ਬੰਦ ਨਹੀਂ ਰਹਿਣਗੇ। ਉਨ੍ਹਾਂ ਵਪਾਰ ਮੰਡਲਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਬਾਜ਼ਾਰਾਂ ਵਿੱਚ ਕੀਤੇ ਨਜਾਾਂਿਜ ਕਬਜ਼ੇ ਹਟਾਏ ਜਾਣ ਅਤੇ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੇ ਆਟੋਆਂ 'ਤੇ ਰੋਕ ਲਗਾਈ ਜਾਵੇ। ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸੜਕਾਂ 'ਤੇ ਵਨ-ਵੇ ਪ੍ਰਣਾਲੀ ਸਖ਼ਤੀ ਨਾਲ ਲਾਗੂ ਕੀਤੀ ਜਾਵੇ ਅਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਰੂਟ ਪਲਾਨ ਤੈਅ ਕੀਤਾ ਜਾਵੇ।
ਕਾਮਰੇਡ ਸ਼ਿਵ ਦੱਤ ਨੇ ਕਿਹਾ ਕਿ ਇਸ ਗੱਡੀ ਵਿੱਚ ਆਮ ਜਨਤਾ ਅਤੇ ਸੈਲਾਨੀ ਯਾਤਰਾ ਕਰਦੇ ਹਨ ਅਤੇ ਇਹ ਗੱਡੀ ਹਿਮਾਚਲ ਦੀ ਇਕ ਮਹੱਤਵਪੂਰਨ ਵਿਰਾਸਤ ਹੈ, ਜੋ ਪੰਜਾਬ ਅਤੇ ਹਿਮਾਚਲ ਲਈ ਰੀੜ੍ਹ ਦੀ ਹੱਡੀ ਵਾਂਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦ ਤੱਕ ਸਟਾਫ ਦੀ ਕਮੀ ਪੂਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਗੱਡੀਆਂ ਚਲਾਉਣਾ ਠੀਕ ਨਹੀਂ ਹੈ ਅਤੇ ਯੂਨੀਅਨ ਡਲਹੌਜ਼ੀ ਰੋਡ ਸਟੇਸ਼ਨ ਤੋਂ ਗੱਡੀਆਂ ਚਲਾਉਣ ਦਾ ਵੀ ਵਿਰੋਧ ਕਰਦੀ ਹੈ।
ਇਸ ਮੌਕੇ ਸਹਾਇਕ ਮੰਡਲ ਸਕੱਤਰ ਕਾਮਰੇਡ ਅਸ਼ਵਨੀ ਕੁਮਾਰ, ਲਖਬੀਰ ਸਿੰਘ, ਰਾਜ ਕੁਮਾਰ, ਰੋਹਿਤ ਸ਼ਰਮਾ, ਰਾਜ ਕੁਮਾਰ ਸ਼ਰਮਾ, ਬੋਧ ਰਾਜ, ਰਾਜਿੰਦਰ ਸੈਨੀ, ਮਨਮੋਹਨ ਸਿੰਘ, ਰਾਜੇਸ਼ ਆਹੂਜਾ ਅਤੇ ਈਸ਼ੂ ਬਾਲਾ ਨੇ ਵੀ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਨੈਰੋਗੇਜ ਗੱਡੀਆਂ ਦਾ ਸੰਚਾਲਨ ਪਠਾਨਕੋਟ ਤੋਂ ਹੀ ਕੀਤਾ ਜਾਵੇ।