ਗੁਰਦੁਆਰਾ ਸਿੰਘ ਸਭਾ ਮੁਹੱਲਾ ਸਰਾਈਂ ਵਿਖੇ ਕੀਰਤਨ ਦਰਬਾਰ
ਗੁਰਦੁਆਰਾ ਸਿੰਘ ਸਭਾ ਮੁਹੱਲਾ ਸਰਾਈਂ ਵਿਖੇ ਕੀਰਤਨ ਦਰਬਾਰ
Publish Date: Sat, 14 Mar 2026 04:40 PM (IST)
Updated Date: Sun, 15 Mar 2026 04:01 AM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸ਼ਹਿਰ ਦੇ ਮੁਹੱਲਾ ਸਰਾਈਂ ਵਿਖੇ ਸਥਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਵੱਲੋਂ ਸੰਗਤਾਂ ਦੀ ਆਤਮਿਕ ਉੱਨਤੀ ਅਤੇ ਗੁਰਬਾਣੀ ਨਾਲ ਜੋੜਨ ਦੇ ਉਦੇਸ਼ ਨਾਲ ਕੀਰਤਨ ਦਰਬਾਰ ਦਾ ਆਯੋਜਨ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵੱਲੋਂ ਸਮੇਂ-ਸਮੇਂ ’ਤੇ ਧਾਰਮਿਕ ਸਮਾਗਮ ਅਤੇ ਗੁਰਬਾਣੀ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੀਰਤਨ ਦਰਬਾਰ ਦੌਰਾਨ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ‘ਤੇ ਭਾਈ ਹਰਦੇਵ ਸਿੰਘ ਹਜ਼ੂਰੀ ਰਾਗੀ ਅਤੇ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਦੇ ਹੋਏ ਗੁਰਬਾਣੀ ਕੀਰਤਨ ਦੀਆਂ ਮਿੱਠੀਆਂ ਧੁਨਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਜੀਵਨ ਜੀਉਣ ਅਤੇ ਨਾਂ ਸਿਮਰਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਪ੍ਰਧਾਨ ਮਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਗੁਰਦੁਆਰਾ ਕਮੇਟੀ ਵੱਲੋਂ ਨਗਰ ਕੀਰਤਨ ਅਤੇ ਵਿਸ਼ਾਲ ਧਾਰਮਿਕ ਸਮਾਗਮ ਵੀ ਕਰਵਾਏ ਜਾਣਗੇ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਗੀਆਂ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਚਰਨਜੀਤ ਸਿੰਘ ਬੇਦੀ, ਸਰਵਧਿਆਨ ਸਿੰਘ ਬੇਦੀ, ਮਨਿੰਦਰ ਸਿੰਘ ਬੋਬੀ, ਅਜਮੇਰ ਸਿੰਘ, ਗੁਰਦੇਵ ਸਿੰਘ ਜੋਹਲ, ਹਰਪ੍ਰੀਤ ਸਿੰਘ ਬੇਦੀ, ਅਮਨਦੀਪ ਸਿੰਘ, ਜਗਜੀਤ ਸਿੰਘ, ਜਸਜੀਤ ਸਿੰਘ ਸਾਹਨੀ, ਸੁਰਜੀਤ ਸਿੰਘ, ਮਸਤਾਨ ਸਿੰਘ, ਕਮਲਜੀਤ ਸਿੰਘ, ਮੀਤ ਖੁਰਾਨਾ, ਸੁਖਚੈਨ ਸਿੰਘ, ਹਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।