ਵੱਧ ਰਹੀ ਗਰਮੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਹੀਟਵੇਵ ਐਡਵਾਇਜ਼ਰੀ ਜਾਰੀ
ਵੱਧ ਰਹੀ ਗਰਮੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਹੀਟਵੇਵ ਐਡਵਾਈਜ਼ਰੀ ਜਾਰੀ
Publish Date: Wed, 22 Apr 2026 05:47 PM (IST)
Updated Date: Wed, 22 Apr 2026 05:52 PM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਸੁਨੀਤਾ ਸ਼ਰਮਾ ਨੇ ਵੱਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਹੀਟਵੇਵ ਐਡਵਾਈਜ਼ਰੀ ਬਾਰੇ ਜ਼ਿਲ੍ਹਾ ਪਠਾਨਕੋਟ ਦੇ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੱਧਦਾ ਤਾਪਮਾਨ ਮਨੁੱਖੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਤਿੱਖੀ ਗਰਮੀ ਦੇ ਦੌਰਾਨ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਖ਼ਾਸ ਕਰਕੇ ਬੱਚਿਆਂ, ਗਰਭਵਤੀ ਮਹਿਲਾਵਾਂ, 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ, ਮਜ਼ਦੂਰਾਂ, ਮੋਟਾਪੇ ਜਾਂ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਅਤੇ ਮਾਨਸਿਕ ਰੋਗੀਆਂ ਨੂੰ ਵੱਧ ਤਾਪਮਾਨ ਤੋਂ ਬਚਣਾ ਲਾਜ਼ਮੀ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਜੇ ਬਾਹਰ ਕੰਮ ਕਰਨਾ ਲਾਜ਼ਮੀ ਹੋਵੇ ਤਾਂ ਸੂਤੀ ਅਤੇ ਢਿੱਲੇ ਕੱਪੜੇ ਪਹਿਨੇ ਜਾਣ ਅਤੇ ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛੱਤਰੀ, ਟੋਪੀ, ਪੱਗ, ਦੁਪੱਟਾ ਜਾਂ ਤੌਲੀਆ ਵਰਤਿਆ ਜਾਵੇ। ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ ਅਤੇ ਧੁੱਪ ਵਿੱਚ ਕੰਮ ਕਰਨ ਵਾਲੇ ਲੋਕ ਸਮੇਂ-ਸਮੇਂ ਤੇ ਛਾਂ ਵਿੱਚ ਅਰਾਮ ਕਰਨ। ਬਾਹਰ ਜਾਣ ਵੇਲੇ ਪਾਣੀ ਆਪਣੇ ਨਾਲ ਲਿਜਾਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰ ਨੂੰ ਠੰਢਾ ਰੱਖਣ ਲਈ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ, ਖੀਰਾ, ਘੀਆ, ਤੋਰੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਨਿੰਬੂ ਪਾਣੀ, ਓਆਰਐਸ, ਲੱਸੀ ਅਤੇ ਹੋਰ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਦਿਨਾਂ ਵਿੱਚ ਰਸੋਈ ਕਰਦੇ ਸਮੇਂ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਰੱਖਣ, ਸਿਗਰਟ, ਬੀੜੀ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਅਤੇ ਬਾਹਰਲੇ ਖਾਣੇ ਤੋਂ ਪਰਹੇਜ਼ ਕਰਨ। ਉਨ੍ਹਾਂ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਹੀਟ ਸਟਰੋਕ ਦੇ ਲੱਛਣ ਜਿਵੇਂ ਸਰੀਰ ਦਾ ਬਹੁਤ ਜ਼ਿਆਦਾ ਗਰਮ ਹੋ ਜਾਣਾ, ਚੱਕਰ ਆਉਣਾ, ਕਮਜ਼ੋਰੀ, ਉਲਟੀ, ਬੇਹੋਸ਼ੀ, ਬੁਖਾਰ ਜਾਂ ਘਬਰਾਹਟ ਮਹਿਸੂਸ ਹੋਵੇ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਜ਼ਰੂਰਤ ਪੈਣ ਤੇ ਮੁਫ਼ਤ ਐਂਬੂਲੈਂਸ ਸੇਵਾ ਲਈ ਟੋਲ-ਫ਼ਰੀ ਨੰਬਰ 108 ਅਤੇ ਸਿਹਤ ਸਲਾਹ ਲਈ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।