ਗੰਭੀਰ ਹਾਲਾਤਾਂ ’ਚ ਮਿਲੀ ਟਰੱਕ ’ਚੋਂ ਡਰਾਈਵਰ ਦੀ ਲਾਸ਼
ਗੰਭੀਰ ਹਾਲਾਤਾਂ ਵਿੱਚ ਮਿਲੀ ਟਰੱਕ ਵਿੱਚੋਂ ਡਰਾਈਵਰ ਦੀ ਲਾਸ਼
Publish Date: Sat, 24 Jan 2026 07:13 PM (IST)
Updated Date: Sun, 25 Jan 2026 04:16 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ- ਜਿਲ੍ਹਾ ਪਠਾਨਕੋਟ ਦੇ ਸਦਰ ਥਾਣੇ ਦੇ ਅਧੀਨ ਆਉਂਦੇ ਕਸਬਾ ਸਰਨਾ ਵਿਖੇ ਉਸ ਵੇਲੇ ਮਾਹੌਲ ਦਹਿਸ਼ਤ ਵਾਲਾ ਬਣ ਗਿਆ, ਜਦੋਂ ਇੱਕ ਟਰੱਕ ਵਿੱਚੋਂ ਟਰੱਕ ਡਰਾਈਵਰ ਦੀ ਲਾਸ਼ ਮਿਲੀ। ਸਦਰ ਪੁਲਿਸ ਦੇ ਡਿਊਟੀ ਅਫਸਰ ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਰਨੇ ਸਰਵਿਸ ਰੋਡ ਪੁਰੀ ਟਰਾਂਸਪੋਰਟ ਦੇ ਕੋਲ ਇੱਕ ਟਰੱਕ ਵਿੱਚ ਟਰੱਕ ਡਰਾਈਵਰ ਦੀ ਲਾਸ਼ ਪਈ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਤਕਰੀਬਨ ਦੁਪਹਿਰ 1:30 ਵਜੇ ਮੌਕੇ ’ਤੇ ਪਹੁੰਚੇ ਅਤੇ ਉਹਨਾਂ ਵੱਲੋਂ ਛਾਣਬੀਣ ਕੀਤੀ ਗਈ। ਜਿਸ ਦੌਰਾਨ ਮ੍ਰਿਤਕ ਟਰੱਕ ਡਰਾਈਵਰ ਦੇ ਨਾਲ ਦੇ ਡਰਾਈਵਰਾਂ ਵੱਲੋਂ ਦੱਸਿਆ ਗਿਆ ਕਿ ਇਹ ਟਰੱਕ ਭਰਨ ਵਾਸਤੇ ਪੁਰੀ ਟਰਾਂਸਪੋਰਟ ਸਰਨਾ ਵਿਖੇ ਆਇਆ ਸੀ ਅਤੇ ਇਸਦਾ ਨਾਂ ਲਕਸ਼ਮਣ ਸਿੰਘ ਉਰਫ ਗੋਗੀ ਪੁੱਤਰ ਅਮਰ ਸਿੰਘ ਉਮਰ 35 ਸਾਲ ਵਾਸੀ ਪਿੰਡ ਉੱਬੇ ਜ਼ਿਲ੍ਹਾ ਸੰਗਰੂਰ ਹੈ। ਉਨ੍ਹਾਂ ਦੱਸਿਆ ਕਿ ਇਸ ਨੇ ਸਰਨਾ ਪੁਰੀ ਟਰਾਂਸਪੋਰਟ ਦੇ ਸਾਹਮਣੇ ਆਪਣੀ ਗੱਡੀ ਲਗਾਈ ਹੋਈ ਸੀ ਅਤੇ ਜਦੋਂ ਇਸਦਾ ਨੰਬਰ ਆਇਆ ਤੇ ਜਦੋਂ ਟਰੱਕ ਵਿੱਚ ਆ ਕੇ ਡਰਾਈਵਰਾਂ ਵੱਲੋਂ ਵੇਖਿਆ ਤੇ ਇਸ ਨੂੰ ਹਿਲਾਇਆ ਤੇ ਇਸਦੇ ਸਰੀਰ ਵੱਲੋਂ ਕੋਈ ਵੀ ਹਰਕਤ ਨਹੀਂ ਕੀਤੀ ਗਈ। ਡਰਾਈਵਰਾਂ ਵੱਲੋਂ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਵੱਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਪਠਾਨਕੋਟ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ ਅਤੇ ਇਸ ਦੇ ਘਰਦਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਸਦਰ ਪੁਲਿਸ ਦੇ ਡਿਊਟੀ ਅਫਸਰ ਏ ਐਸ ਆਈ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਦੇ ਟਰੱਕ ਦੀ ਤਲਾਸ਼ੀ ਲੈਣ ਦੌਰਾਨ ਇਸ ਦਾ ਕੋਈ ਵੀ ਸਨਾਖਤੀ ਕਾਰਡ ਅਤੇ ਨਾ ਹੀ ਕੋਈ ਮੋਬਾਈਲ ਗੱਡੀ ਵਿੱਚੋਂ ਬਰਾਮਦ ਹੋਇਆ ਹੈ ਅਤੇ ਇਸ ਦੇ ਘਰਦਿਆਂ ਤੇ ਪਹੁੰਚਣ ਉਪਰਾਂਤ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।