ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੇਗਾਬਾਲੀਨ ਦਵਾਈ ਦੀ ਖੁੱਲ੍ਹੀ ਵਰਤੋਂ ’ਤੇ ਰੋਕ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੇਗਾਬਾਲੀਨ ਦਵਾਈ ਦੀ ਖੁੱਲ੍ਹੀ ਵਰਤੋਂ ਉੱਤੇ ਪਾਬੰਦੀ
Publish Date: Sat, 10 Jan 2026 04:17 PM (IST)
Updated Date: Sun, 11 Jan 2026 04:01 AM (IST)
ਪੰਜਾਬੀ ਜਾਗਰਣ ਟੀਮ, ਪਠਾਨਕੋਟ : ਪ੍ਰੈਗਾਬਾਲੀਨ ਦੇ ਫ਼ਾਰਮੂਲੇ ਤਹਿਤ ਬਣੀ ਦਵਾਈ ਜਿਸ ਨੂੰ ਨਾਰਕੋਟਿਕ ਜਾਂ ਮਨੋਵਿਗਿਆਨਕ ਪਦਾਰਥਾਂ ਵਜੋਂ ਸੂਚਿਤ ਨਹੀਂ ਕੀਤਾ ਗਿਆ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਇਸ ਦੀ ਖੁੱਲ੍ਹੀ ਵਿੱਕਰੀ ਉੱਤੇ ਪਾਬੰਦੀ ਲਗਾਈ ਹੈ। ਇਸ ਦਵਾਈ ਨੂੰ ਵੇਚਣ ਲਈ ਡਾਕਟਰ ਦੀ ਸਿਫ਼ਾਰਸ਼ ਦੇ ਨਾਲ-ਨਾਲ ਸਾਰਾ ਰਿਕਾਰਡ ਰੱਖਣਾ ਜ਼ਰੂਰੀ ਹੈ।
ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ. ਪੱਲਵੀ ਵੱਲੋਂ ਜਾਰੀ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਕੈਪਸੂਲ/ਟੈਬਲੇਟ ਦੇ ਰੂਪ ਵਿੱਚ 150 ਮਿਲੀਗ੍ਰਾਮ ਅਤੇ 300 ਮਿਲੀਗ੍ਰਾਮ ਵਾਲੇ ਪ੍ਰੈਗਾਬਾਲਿਨ ਦੇ ਫ਼ਾਰਮੂਲੇ ਦੀ ਜਨਤਕ ਤੌਰ ’ਤੇ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ। ਕਈ ਲੋਕ ਇਸ ਫ਼ਾਰਮੂਲੇ ਦੀ ਦਵਾਈ ਦੇ ਆਦੀ ਹੋ ਰਹੇ ਹਨ ਪਰ ਡਰੱਗ ਪ੍ਰੈਗਾਬਾਲਿਨ 150 ਮਿਲੀ ਗ੍ਰਾਮ /300ਮਿਲੀਗ੍ਰਾਮ ਡਾਕਟਰਾਂ ਦੁਆਰਾ ਅਕਸਰ ਤਜਵੀਜ਼ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਨਿਊਰੋਲੋਜਿਸਟ/ਆਰਥੋਪੀਡੀਸ਼ੀਅਨ ਵੀ ਸਿਰਫ਼ 75 ਮਿਲੀਗਰਾਮ ਡਰੱਗ ਪ੍ਰੈਗਾਬਾਲਿਨ ਦਾ ਨੁਸਖ਼ਾ ਦੇ ਰਹੇ ਹਨ।
ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ. ਪੱਲਵੀ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਬੀਐਨਐੱਸਐੱਸ ਅਧੀਨ ਆਦੇਸ਼ ਦਿੱਤੇ ਹਨ ਕਿ ਇਸ ਫ਼ਾਰਮੂਲੇ ਦੇ 75 ਮਿਲੀਗਰਾਮ ਤੋਂ ਵੱਧ ਕੈਪਸੂਲ/ਟੈਬਲੇਟ ਦੇ ਭੰਡਾਰਨ ਅਤੇ ਵਿੱਕਰੀ 'ਤੇ ਪੂਰਨ ਪਾਬੰਦੀ ਹੋਵੇਗੀ। ਥੋਕ ਵਿਕਰੇਤਾ, ਪ੍ਰਚੂਨ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਦੇ ਮਾਲਕ, ਹਸਪਤਾਲਾਂ ਦੇ ਅੰਦਰ ਫਾਰਮੇਸੀਆਂ ਜਾਂ ਕੋਈ ਹੋਰ ਵਿਅਕਤੀ ਪ੍ਰੈਗਾਬਾਲੀਨ 75 ਮਿਲੀਗ੍ਰਾਮ ਦੀ ਅਸਲ ਪਰਚੀ ਤੋਂ ਬਿਨਾਂ ਨਹੀਂ ਵੇਚੇਗਾ। ਇਸ ਤੋਂ ਇਲਾਵਾ 75 ਮਿਲੀਗ੍ਰਾਮ ਤੱਕ ਦੀ ਖ਼ਰੀਦ ਅਤੇ ਵਿੱਕਰੀ ਦਾ ਸਹੀ ਰਿਕਾਰਡ ਰੱਖਣਗੇ। ਸਾਰੇ ਵਿਕਰੇਤਾ ਸਲਿਪ ਦੀ ਸਹੀ ਪੜਚੋਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਵੇਚੀਆਂ ਜਾ ਰਹੀਆਂ ਗੋਲੀਆਂ/ਕੈਪਸੂਲ ਦੀ ਗਿਣਤੀ ਨੁਸਖ਼ੇ ਦੀ ਲੋੜ ਤੋਂ ਵੱਧ ਨਾ ਹੋਵੇ। ਇਹ ਹੁਕਮ 07 ਮਾਰਚ 2026 ਤੱਕ ਲਾਗੂ ਰਹੇਗਾ।