ਸਮਾਜ ਸੇਵਕ ਤੇ ਅਪਾਹਜ ਭਿਖਾਰੀ ਰਾਜੂ ਨੇ 500 ਲੋੜਵੰਦਾਂ ਨੂੰ ਕੰਬਲ ਵੰਡੇ
ਅਪਾਹਜ ਭਿਖਾਰੀ ਰਾਜੂ ਨੇ 500 ਲੋੜਵੰਦਾਂ ਨੂੰ ਕੰਬਲ ਵੰਡੇ
Publish Date: Fri, 09 Jan 2026 07:22 PM (IST)
Updated Date: Sat, 10 Jan 2026 04:06 AM (IST)
ਆਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਪਠਾਨਕੋਟ ਦੇ ਪ੍ਰਸਿੱਧ ਸਮਾਜ ਸੇਵਕ ਤੇ ਅਪਾਹਜ ਭਿਖਾਰੀ ਰਾਜੂ ਮੁੜ ਆਪਣੇ ਸਮਾਜ ਸੇਵੀ ਕੰਮਾਂ ਕਰ ਕੇ ਲੋਕਾਂ ਤੋਂ ਪ੍ਰਸ਼ੰਸਾ ਹਾਸਲ ਕਰ ਰਿਹਾ ਹੈ। ਸਮਾਜ ਸੇਵਕ ਤੇ ਅਪਾਹਜ ਭਿਖਾਰੀ ਰਾਜੂ ਨੇ ਰੋਜ਼ਾਨਾ ਲੋਕਾਂ ਤੋਂ ਦਸ-ਦਸ ਰੁਪਏ ਇਕੱਠੇ ਕਰ ਕੇ 500 ਲੋੜਵੰਦਾਂ ਨੂੰ ਕੰਬਲ ਵੰਡੇ। ਇਸ ਤੋਂ ਪਹਿਲਾਂ ਵਾਲਮੀਕਿ ਚੌਕ ਵਿਖੇ ਹੋਏ ਸਮਾਗਮ ਦੌਰਾਨ ‘ਆਪ’ ਦੇ ਹਲਕਾ ਪਠਾਨਕੋਟ ਇੰਚਾਰਜ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਦੇ ਪੁੱਤਰ ‘ਆਪ’ ਦੇ ਯੂਥ ਆਗੂ ਵਿਸ਼ਵ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਅਪਾਹਜ ਰਾਜੂ ਨੇ ਕਿਹਾ ਕਿ ਉਨ੍ਹਾਂ ਸੜਕ ਤੇ ਰੋਜ਼ਾਨਾ ਲੋਕਾਂ ਕੋਲੋਂ ਦਸ-ਦਸ ਰੁਪਏ ਇਕੱਠੇ ਕੀਤੇ ਹਨ ਅਤੇ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸੜਕਾਂ ਦੇ ਫੁੱਟਪਾਥ ਤੇ ਸੌਣ ਵਾਲਿਆਂ ਅਤੇ ਹੋਰ ਕਈ ਲੋੜਵੰਦਾਂ ਨੂੰ 500 ਕੰਬਲ ਵੰਡੇ ਹਨ। ਮੁੱਖ ਮਹਿਮਾਨ ਵਿਸ਼ਵ ਸ਼ਰਮਾ ਨੇ ਸਰਦੀਆਂ ਦੇ ਮੌਸਮ ਦੌਰਾਨ ਰਾਜੂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਹ ਰਾਜੂ ਓਹੀ ਭਿਖਾਰੀ ਹੈ ਜਿਸ ਨੇ ਕੋਰੋਨਾ ਸਮੇਂ ਦੌਰਾਨ ਵੀ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਨਿੱਜੀ ਤੌਰ ਤੇ ਰਾਜੂ ਨਾਲ ਗੱਲ ਕੀਤੀ ਸੀ, ਜੋ ਉਨ੍ਹਾਂ ਦੀ ਸਮਾਜ ਸੇਵਾ ਤੋਂ ਪ੍ਰਭਾਵਿਤ ਹੋਏ ਸਨ। ਇਸ ਮੌਕੇ ਰਮੇਸ਼ ਕੁੱਕ ਤੇ ਹੋਰ ਵੀ ਮੌਜੂਦ ਸਨ।