ਟਰੈਕਟਰ–ਟਰਾਲੀ ਹੇਠਾਂ ਆ ਕੇ ਨੌਜਵਾਨ ਦੀ ਮੌਤ, ਲੋਕਾਂ ਲਾਇਆ ਜਾਮ
28 ਸਾਲਾਂ ਨੌਜਵਾਨ ਦੀ ਮੌਤ
Publish Date: Sat, 21 Mar 2026 06:32 PM (IST)
Updated Date: Sun, 22 Mar 2026 04:11 AM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪਠਾਨਕੋਟ–ਸਿਹੋੜਾ ਰੋਡ ‘ਤੇ ਇਕ ਦਰਦਨਾਕ ਸੜਕ ਹਾਦਸੇ ਵਿੱਚ 28 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਕ ਟਰੈਕਟਰ–ਟਰਾਲੀ ਨੇ ਬਾਈਕ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਿੰਡ ਵਾਸੀਆਂ ਨੇ ਉਸਦਾ ਪਿੱਛਾ ਕਰਕੇ ਕਥਲੌਰ ਨੇੜੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਿੰਡ ਕੋਠੇ ਨੰਗਲ ਨਿਵਾਸੀ ਹਿੰਮਤ ਕੁਮਾਰ (28) ਵਜੋਂ ਹੋਈ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਘਟਨਾ ਤੋਂ ਗੁੱਸੇ ‘ਚ ਆਏ ਸਥਾਨਕ ਲੋਕਾਂ ਨੇ ਪਠਾਨਕੋਟ–ਸਿਹੋੜਾ ਰੋਡ ’ਤੇ ਧਰਨਾ ਦੇ ਕੇ ਜਾਮ ਲਗਾ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਦੋਸ਼ ਹੈ ਕਿ ਇਸ ਸੜਕ ’ਤੇ ਭਾਰੀ ਅਤੇ ਓਵਰਲੋਡ ਕਰੈਸ਼ਰ ਵਾਹਨ ਲਗਾਤਾਰ ਦੌੜ ਰਹੇ ਹਨ, ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦੇ ਕੇ ਲੋਕਾਂ ਨੂੰ ਸੜਕ ਤੋਂ ਹਟਾਇਆ ਅਤੇ ਆਵਾਜਾਈ ਮੁੜ ਚਾਲੂ ਕਰਵਾਈ।ਮ੍ਰਿਤਕ ਦੇ ਪਿਤਾ ਦੇਵ ਰਾਜ ਨੇ ਦੱਸਿਆ ਕਿ ਹਿੰਮਤ ਕੁਮਾਰ ਹਰ ਰੋਜ਼ ਦੀ ਤਰ੍ਹਾਂ ਪਠਾਨਕੋਟ ਵਿੱਚ ਪਲੰਬਰ ਦਾ ਕੰਮ ਕਰਕੇ ਬਾਈਕ ’ਤੇ ਆਪਣੇ ਪਿੰਡ ਕੋਠੇ ਨੰਗਲ ਵਾਪਸ ਆ ਰਿਹਾ ਸੀ। ਪਿੰਡ ਦੇ ਨੇੜੇ ਪਿੱਛੋਂ ਆ ਰਹੀ ਓਵਰਲੋਡ ਟਰੈਕਟਰ–ਟਰਾਲੀ ਨੇ ਉਸਨੂੰ ਟੱਕਰ ਮਾਰ ਕੇ ਕੁਚਲ ਦਿੱਤਾ। ਓਵਰਲੋਡ ਵਾਹਨਾਂ ਤੋਂ ਪਰੇਸ਼ਾਨ ਪਿੰਡ ਵਾਸੀ ਪਿੰਡ ਕੀੜੀ ਦੇ ਸਰਪੰਚ ਕਰਨਬੀਰ ਸਿੰਘ ਨੇ ਦੱਸਿਆ ਕਿ ਪਠਾਨਕੋਟ–ਸਿਹੋੜਾ ਰੋਡ ’ਤੇ ਰੋਜ਼ਾਨਾ ਓਵਰਲੋਡ ਵਾਹਨਾਂ ਕਰਕੇ ਪਿੰਡ ਵਾਸੀਆਂ ਦਾ ਚਾਲਕਾਂ ਨਾਲ ਝਗੜਾ ਹੋ ਜਾਂਦਾ ਹੈ। ਭਾਰੀ ਵਾਹਨਾਂ ਲਈ ਨੋ-ਐਂਟਰੀ ਦਾ ਬੋਰਡ ਲੱਗਿਆ ਹੋਇਆ ਹੈ। ਪਰ ਇਸਦੇ ਬਾਵਜੂਦ ਵਾਹਨ ਸੜਕ ’ਤੇ ਖੜ੍ਹੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਇੱਕ ਟਰੱਕ ਚਾਲਕ ਨੇ ਪਿੰਡ ਦੇ ਇਕ ਨੌਜਵਾਨ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਲਾਕੇ ਵਿੱਚ ਪੁਲਿਸ ਦਾ ਕੋਈ ਨਾਕਾ ਵੀ ਨਹੀਂ ਲੱਗਦਾ ਅਤੇ ਵੱਡੇ ਵਾਹਨਾਂ ਦੇ ਆਉਣ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੈ। ਲੋਕਾਂ ਦੀ ਚੇਤਾਵਨੀ ਪਿੰਡ ਵਾਸੀ ਜਗਵੀਰ ਸਿੰਘ ਜੋਨੂ ਨੇ ਕਿਹਾ ਕਿ ਸ਼ਾਮ 4 ਵਜੇ ਤੋਂ ਬਾਅਦ ਪਿੰਡ ਦੇ ਲੋਕ ਇਸ ਸੜਕ ’ਤੇ ਨਿਕਲਣ ਤੋਂ ਡਰਦੇ ਹਨ ਕਿਉਂਕਿ ਓਵਰਲੋਡ ਵਾਹਨਾਂ ਦੀ ਭਰਮਾਰ ਹੈ। ਉਨ੍ਹਾਂ ਦੱਸਿਆ ਕਿ ਜਦੋਂ ਚਾਲਕਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਪਿਸਤੌਲ ਕੱਢ ਕੇ ਧਮਕਾਉਂਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਭਾਰੀ ਵਾਹਨਾਂ ਦੀ ਆਵਾਜਾਈ ਦਾ ਸਮਾਂ ਸਖ਼ਤੀ ਨਾਲ ਨਿਰਧਾਰਤ ਕਰੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਰਾਤ 10 ਵਜੇ ਤੋਂ ਪਹਿਲਾਂ ਕੋਈ ਭਾਰੀ ਵਾਹਨ ਇੱਥੇ ਨਜ਼ਰ ਆਇਆ ਤਾਂ ਪਿੰਡ ਵਾਸੀ ਖੁਦ ਕਾਰਵਾਈ ਕਰਨ ਲਈ ਮਜਬੂਰ ਹੋਣਗੇ।